PUNJAB FLOODS: ਸੋਨੂੰ ਸੂਦ, ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਸਣੇ ਅਦਾਕਾਰ ਅਤੇ ਗਾਇਕ ਪੀੜਤ ਲੋਕਾਂ ਦੀ ਮਦਦ ਲਈ ਆਏ ਅੱਗੇ
ਪ੍ਰਸਿੱਧ ਪੰਜਾਬੀ ਸਿਤਾਰੇ ਦਿਲਜੀਤ ਦੋਸਾਂਝ, ਸੋਨੂੰ ਸੂਦ, ਐਮੀ ਵਿਰਕ ਅਤੇ ਹੋਰ ਕਲਾਕਾਰ ਹੜ੍ਹ ਪ੍ਰਭਾਵਿਤ ਪੰਜਾਬ ਵਿੱਚ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਸੂਬਾ ਕਈ ਦਹਾਕਿਆਂ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਦੀ ਲਪੇਟ ਵਿੱਚ ਹੈ। ਰਾਹਤ ਕਾਰਜਾਂ ਵਿੱਚ ਸ਼ਾਮਲ ਹੋਣ ਵਾਲੇ ਹੋਰ ਪ੍ਰਮੁੱਖ ਨਾਵਾਂ ਵਿੱਚ ਅਦਾਕਾਰ ਗਿੱਪੀ ਗਰੇਵਾਲ, ਗਾਇਕ ਕਰਨ ਔਜਲਾ, ਰਣਜੀਤ ਬਾਵਾ, ਇੰਦਰਜੀਤ ਨਿੱਕੂ ਅਤੇ ਸੁਨੰਦਾ ਸ਼ਰਮਾ ਸ਼ਾਮਲ ਹਨ।
ਗਾਇਕ ਸਤਿੰਦਰ ਸਰਤਾਜ ਅਤੇ ਜਸਬੀਰ ਜੱਸੀ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਨ ਵਿੱਚ ਲੱਗੇ ਹੋਏ ਹਨ।
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਬਾਰਿਸ਼ ਕਾਰਨ ਸਤਲੁਜ, ਬਿਆਸ ਅਤੇ ਰਾਵੀ ਨਦੀਆਂ ਅਤੇ ਮੌਸਮੀ ਨਹਿਰਾਂ ਭਰ ਗਈਆਂ ਹਨ, ਜਿਸ ਕਾਰਨ ਪੰਜਾਬ ਦੇ ਲੋਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਹੋਰ ਵੀ ਵਿਗੜ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਹੜ੍ਹਾਂ ਕਾਰਨ 29 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2.56 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇੱਕ ਅਗਸਤ ਤੋਂ ਸੂਬੇ ਦੇ 23 ਵਿੱਚੋਂ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ, ਜਿਸ ਨੂੰ ਸੂਬਾ ਸਰਕਾਰ ਨੇ ਦਹਾਕਿਆਂ ਵਿੱਚ ਸਭ ਤੋਂ ਭਿਆਨਕ ਹੜ੍ਹ ਆਫ਼ਤਾਂ ਵਿੱਚੋਂ ਇੱਕ ਦੱਸਿਆ ਹੈ।
ਅਦਾਕਾਰ ਸੰਜੇ ਦੱਤ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ‘ਸੱਚਮੁੱਚ ਦਿਲ ਦਹਿਲਾ ਦੇਣ ਵਾਲਾ’ ਦੱਸਿਆ ਹੈ ਅਤੇ ਮਦਦ ਦਾ ਵਾਅਦਾ ਕੀਤਾ ਹੈ। ਉਨ੍ਹਾਂ ਇੰਸਟਾਗ੍ਰਾਮ ’ਤੇ ਲਿਖਿਆ, “ ਮੈਂ ਜਿੰਨਾ ਹੋ ਸਕੇ ਮਦਦ ਕਰਾਂਗਾ। ਬਾਬਾ ਜੀ ਪੰਜਾਬ ਵਿੱਚ ਸਾਰਿਆਂ ਦੀ ਰੱਖਿਆ ਅਤੇ ਆਸ਼ੀਰਵਾਦ ਦੇਣ।”
ਸੂਦ ਨੇ ਕਿਹਾ ਕਿ ਉਹ ਪੰਜਾਬ ਦੇ ਨਾਲ ਖੜ੍ਹੇ ਹਨ ਅਤੇ ਜੋ ਵੀ ਇਸ ਹੜ੍ਹ ਤੋਂ ਪ੍ਰਭਾਵਿਤ ਹੋਇਆ ਹੈ ਉਹ ਇਕੱਲਾ ਨਹੀਂ ਹੈ। ਉਨ੍ਹਾਂ ਫੇਸਬੁੱਕ ’ਤੇ ਲਿਖਿਆ, “ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਬੇਝਿਜਕ ਸਾਨੂੰ ਸੁਨੇਹਾ ਭੇਜੋ। ਅਸੀਂ ਤੁਹਾਡੀ ਹਰ ਸੰਭਵ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਪੰਜਾਬ ਮੇਰੀ ਰੂਹ ਹੈ। ਭਾਵੇਂ ਮੈਨੂੰ ਇਸ ਲਈ ਸਭ ਕੁਝ ਦੇਣਾ ਪਵੇ, ਮੈਂ ਪਿੱਛੇ ਨਹੀਂ ਹਟਾਂਗਾ। ਅਸੀਂ ਪੰਜਾਬੀ ਹਾਂ। ਅਤੇ ਅਸੀਂ ਹਾਰ ਨਹੀਂ ਮੰਨਦੇ।”
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ, ਜਿਸਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੋਗਾ ਸੀਟ ਤੋਂ ਚੋਣ ਲੜੀ ਸੀ ਪਹਿਲਾਂ ਹੀ ਰਾਹਤ ਸਮੱਗਰੀ ਪ੍ਰਦਾਨ ਕਰ ਰਹੀ ਹੈ।
ਦੂਜੇ ਪਾਸੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਗੈਰ-ਸਰਕਾਰੀ ਸੰਗਠਨਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ 10 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਹੈ। ਦੋਸਾਂਝ ਦੀ ਟੀਮ ਨੇ ਇੰਸਟਾਗ੍ਰਾਮ ’ਤੇ ਕਿਹਾ ਕਿ ਉਹ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਗਾਇਕ ਗਿੱਪੀ ਗਰੇਵਾਲ ਨੇ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਪਸ਼ੂਆਂ ਲਈ ਚਾਰੇ ਦਾ ਇੱਕ ਟਰੱਕ ਭੇਜਿਆ।
ਕਰਨ ਔਜਲਾ ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਲੋਕਾਂ ਨੂੰ ਦਵਾਈਆਂ, ਕਿਸ਼ਤੀਆਂ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਪਸ਼ੂਆਂ ਲਈ ਚਾਰੇ ਦੀ ਮਦਦ ਕਰ ਰਹੇ ਹਨ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਪਿੰਡ ਵਾਸੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇੰਸਟਾਗ੍ਰਾਮ ’ਤੇ ਲਿਖਿਆ, “ ਮੈਂ ਅਤੇ ਮੇਰੀ ਟੀਮ ਪੰਜਾਬ ਦੇ ਨਾਲ ਹਾਂ।”
ਗਾਇਕ ਐਮੀ ਵਿਰਕ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ 200 ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨਗੇ।