ਪੰਜਾਬ ਕਾਂਗਰਸ ਨੂੰ ਜਲਦੀ ਮਿਲ ਜਾਣਗੇ ਜ਼ਿਲ੍ਹਾ ਪ੍ਰਧਾਨ: ਯਾਦਵ
ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਲਈ ਨਿਯੁਕਤ ਕੀਤੇ ਗਏ ਕੌਮੀ ਆਬਜ਼ਰਵਰ, ਮਨੋਜ ਯਾਦਵ ਨੇ ਅੱਜ ਮੁਹਾਲੀ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਜਲਦੀ ਸਤੰਬਰ ਮਹੀਨੇ ਵਿੱਚ ਕਾਂਗਰਸ ਪਾਰਟੀ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਮਿਲ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ 2025 ਨੂੰ ਸੰਗਠਨ ਸਿਰਜਣ ਅਭਿਆਨ ਵਜੋਂ ਮਨਾ ਰਹੀ ਹੈ ਅਤੇ ਨਵੇਂ ਪ੍ਰਧਾਨਾਂ ਦੀ ਚੋਣ ਲਈ ਪਾਰਟੀ ਦੇ ਹਰ ਵਰਕਰ ਦੀ ਫ਼ੀਡ ਬੈਕ ਲੈ ਕੇ ਫੈਸਲਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮੁਹਾਲੀ ਜ਼ਿਲ੍ਹੇ ਲਈ ਨਿਯੁਕਤ ਕੀਤੇ ਸਟੇਟ ਆਬਜ਼ਰਵਰ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਸਹਿ ਆਬਜ਼ਰਵਰ ਰਵਿੰਦਰਪਾਲ ਸਿੰਘ ਪਾਲੀ ਵੀ ਮੌਜੂਦ ਸਨ।
ਮਨੋਜ ਯਾਦਵ ਨੇ ਦੱਸਿਆ ਕਿ ਇਸ ਢਾਂਚੇ ਵਿੱਚ ਸਭ ਤੋਂ ਮਹੱਤਵਪੂਰਨ ਕੜੀ ਜ਼ਿਲ੍ਹਾ ਪ੍ਰਧਾਨ ਹੈ, ਜੋ ਲੋਕਾਂ ਨਾਲ ਰੋਜ਼ਾਨਾ ਸੰਪਰਕ ਵਿੱਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਜ਼ਿਲ੍ਹਾ ਪ੍ਰਧਾਨ ਨੂੰ ਵਧੇਰੇ ਜਵਾਬਦੇਹ, ਬਿਹਤਰ ਸਿਖਲਾਈ ਪ੍ਰਾਪਤ ਅਤੇ ਆਪਣੇ ਜ਼ਿਲ੍ਹੇ ਦੀ ਫੀਡਬੈਕ ਨੂੰ ਸਿੱਧੇ ਤੌਰ ‘ਤੇ ਹਾਈ ਕਮਾਂਡ ਤੱਕ ਪਹੁੰਚਾਉਣ ਲਈ ਸਸਕਤ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਸਤੰਬਰ ਵਿੱਚ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨਗੀ ਦੇ ਦਾਅਵੇਦਾਰਾਂ ਕੋਲੋਂ 2 ਸਤੰਬਰ ਤੱਕ ਫ਼ਾਰਮ ਭਰਾਏ ਜਾਣਗੇ ਅਤੇ ਉਸ ਮਗਰੋਂ ਜ਼ਿਲ੍ਹੇ ਦੇ ਆਗੂਆਂ, ਵਰਕਰਾਂ, ਸਮਾਜਿਕ ਪ੍ਰਤੀਨਿਧੀਆਂ ਤੋਂ ਫ਼ੀਡ ਬੈਕ ਲੈ ਹਾਈਕਮਾਂਡ ਨੂੰ ਸੌਂਪੀ ਜਾਵੇਗੀ।
ਇਸ ਮੌਕੇ ਜ਼ਿਲ੍ਹੇ ਦੀ ਸਮੁੱਚੀ ਲੀਡਰਸਪਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਜਗਮੋਹਨ ਸਿੰਘ ਕੰਗ, ਡੇਰਾਬੱਸੀ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਖਰੜ ਇੰਚਾਰਜ ਵਿਜੇ ਸਰਮਾ ਟਿੰਕੂ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ, ਮਹਿਲਾ ਪ੍ਰਧਾਨ ਸਵਰਨਜੀਤ ਕੌਰ ਹਾਜ਼ਰ ਸਨ।