ਪੰਜਾਬ ਬੋਰਡ PSEB ਪੜ੍ਹਾਈ ਦੇ ਨਾਲ ਹੁਣ ਹੁਨਰ ਸਰਟੀਫਿਕੇਟ ਵੀ ਦੇਵੇਗਾ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਹੁਣ ਭਾਰਤ ਸਰਕਾਰ ਦੇ NSQF (ਨੈਸ਼ਨਲ ਸਕਿੱਲਜ਼ ਕੁਆਲੀਫਿਕੇਸ਼ਨਜ਼ ਫਰੇਮਵਰਕ) ਤਹਿਤ ‘ਡਿਊਲ ਸਰਟੀਫਿਕੇਟ ਬੌਡੀ’ ਬਣਨ ਜਾ ਰਿਹਾ ਹੈ। ਜਿਸਦਾ ਮਤਲਬ ਹੈ ਕਿ ਬੱਚਿਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਹੁਨਰ (Skill) ਦੀ ਸਿੱਖਿਆ ਵੀ ਮਿਲੇਗੀ।
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸਦਾ ਮੁੱਖ ਉਦੇਸ਼ ਪੜ੍ਹਾਈ ਨੂੰ ਹੁਨਰ ਆਧਾਰਿਤ ਸਿੱਖਿਆ ਨਾਲ ਜੋੜਨਾ ਹੈ। ਇਸ ਨਾਲ ਪੰਜਾਬ ਦੇ ਸਕੂਲਾਂ ਵਿੱਚ ਇੱਕ ਮਜ਼ਬੂਤ ‘ਸਕਿੱਲ ਸਿਸਟਮ’ ਬਣੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਨੌਕਰੀਆਂ ਲਈ ਜ਼ਰੂਰੀ ਹੁਨਰ ਮਿਲਣਗੇ।
ਇਸ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਪ੍ਰਾਪਤੀ (ਪੜ੍ਹਾਈ) ਅਤੇ ਪ੍ਰਮਾਣਿਤ ਕਿੱਤਾਮੁਖੀ ਹੁਨਰ (Certified Vocational Skills) ਦੋਵਾਂ ਦੀ ਮਾਨਤਾ ਮਿਲੇਗੀ।
ਇਸ ਮਿਸ਼ਨ ਨੂੰ ਅੱਗੇ ਵਧਾਉਣ ਲਈ, PSEB ਨੇ ਕਿੱਤਾਮੁਖੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ LAHI ਨਾਮ ਦੀ ਸੰਸਥਾ ਨਾਲ ਇੱਕ MoU (ਸਮਝੌਤਾ) ਵੀ ਕੀਤਾ ਹੈ। ਇਹ ਕਦਮ ਪੰਜਾਬ ਨੂੰ ਸੈਕੰਡਰੀ ਪੱਧਰ ’ਤੇ ਉੱਚ ਪੱਧਰੀ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਸੂਬੇ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਲਈ ਤਿਆਰ ਕਰਨ ਵਿੱਚ ਮਦਦ ਕਰੇਗਾ।
