ਐਲਗਰਾਂ ਸਵਾਂ ਨਦੀ ਦਾ ਪੁਲ ਬੰਦ ਹੋਣ ਕਾਰਨ ਲੋਕਾਂ ’ਚ ਰੋਸ
ਬਲਵਿੰਦਰ ਰੈਤ
ਨੂਰਪੁਰ ਬੇਦੀ, 27 ਜੂਨ
ਐਲਗਰਾਂ ਸਵਾਂ ਨਦੀ ’ਤੇ ਆਰਜ਼ੀ ਪੁਲ ਨਦੀ ਦੇ ਪਾਣੀ ਵਿੱਚ ਰੁੜ੍ਹਨ ਕਾਰਨ ਨੂਰਪੁਰ ਬੇਦੀ ਤੇ ਨੰਗਲ ਦੇ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਾ ਹੈ। ਇੱਥੇ ਬਣਿਆ ਪੁੱਕਾ ਪੁੱਲ ਖਣਨ ਮਾਫ਼ੀਆ ਦੀ ਭੇਟ ਚੜ੍ਹ ਚੁੱਕਾ ਹੈ ਜਿਸ ਨੂੰ ਦੋ ਸਾਲ ਪਹਿਲਾਂ ਲੋਕ ਨਿਰਮਾਣ ਵਿਭਾਗ ਨੇ ਬੰਦ ਕਰ ਦਿੱਤਾ ਸੀ। ਪੁਲ ਦੀ ਮੁਰੰਮਤ ਨਾ ਹੋਣ ਕਾਰਨ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਰੋਸ ਹੈ।
ਭਾਜਪਾ ਦੇ ਸੀਨੀਅਰ ਨੇਤਾ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਐਲਗਰਾਂ ਪੁਲ ਦੇ ਮਾਮਲੇ ’ਚ ‘ਆਪ’ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ ਤੇ ਨੰਗਲ ਇਲਾਕਾ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਹੈ। ਗੁਰੂ ਜੀ ਨੇ ਪਿੰਡ ਬਸਾਲੀ ਤੋਂ ਭਲਾਣ ਹੁੰਦਿਆਂ ਹੋਇਆ ਬਿਭੋਰ ਸਾਹਿਬ ਚਰਨ ਪਾਏ ਸਨ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਰਸਤੇ ’ਤੇ ਲੋਕਾਂ ਦੀ ਸਹੂਲਤ ਲਈ ਐਲਗਰਾਂ ਪੱਕਾ ਪੁੱਲ ਬਣਾਇਆ ਗਿਆ ਸੀ ਜੋ ਨਾਜਾਇਜ਼ ਖਣਨ ਦੀ ਮਾਰ ਹੇਠ ਆਉਣ ਕਾਰਨ ਬੰਦ ਹੋ ਗਿਆ ਹੈ।
ਸ੍ਰੀ ਲਾਲਪੁਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਐਲਗਰਾਂ ਪੁਲ ’ਤੇ ਵੀ ਨਜ਼ਰ ਮਾਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਾਣੀਆਂ ਦੀ ਰਾਖੀ ਲਈ ਨੰਗਲ ਕਈ ਗੇੜੇ ਮਾਰੇ ਪਰ ਉਨ੍ਹਾਂ ਦੀ ਨਜ਼ਰ ਕਦੇ ਐਲਗਰਾਂ ਵਾਲੇ ਪੁਲ ’ਤੇ ਨਹੀਂ ਪਈ। ਇੱਥੇ ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਗਰਾਂ ਪੁਲ ਦੀ ਮੁਰੰਮਤ ਦਾ ਕੰਮ ਪਹਿਲੀ ਜੁਲਾਈ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।