ਪੀ ਯੂ ਚਾਈਲਡ ਗਾਈਡੈਂਸ ਤੇ ਕੌਂਸਲਿੰਗ ਡਿਪਲੋਮਾ ਸ਼ੁਰੂ ਕਰੇਗਾ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਵੱਲੋਂ ਸਾਵਿੱਤਰੀਬਾਈ ਫੂਲੇ ਨੈਸ਼ਨਲ ਇੰਸਟੀਚਿਊਟ ਆਫ਼ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ (ਐਸ ਪੀ ਐਨ ਆਈ ਡਬਲਯੂ ਸੀ ਡੀ) ਰੀਜਨਲ ਸੈਂਟਰ, ਮੁਹਾਲੀ ਦੇ ਸਹਿਯੋਗ ਨਾਲ ਬਾਲ ਗਾਈਡੈਂਸ ਅਤੇ ਕੌਂਸਲਿੰਗ ਵਿੱਚ ਐਡਵਾਂਸਡ ਡਿਪਲੋਮਾ ਸ਼ੁਰੂ ਕੀਤਾ ਜਾਵੇਗਾ। ਪੀ ਯੂ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਅਤੇ ਐੱਸ ਪੀ ਐੱਨ ਆਈ ਡਬਲਯੂ ਸੀ ਡੀ ਮੁਹਾਲੀ ਦੀ ਖੇਤਰੀ ਡਾਇਰੈਕਟਰ ਡਾ. ਸੁਨੀਤਾ ਸ਼ੇਸ਼ਾਦਰੀ ਦੀ ਮੌਜੂਦਗੀ ਵਿੱਚ ਦੋਵੇਂ ਸੰਸਥਾਵਾਂ ਨੇ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ।
’ਵਰਸਿਟੀ ਦੇ ਬੁਲਾਰੇ ਨੇ ਮੀਡੀਆ ਨੂੰ ਭੇਜੀ ਜਾਣਕਾਰੀ ਵਿੱਚ ਦੱਸਿਆ ਕਿ ਆਰ ਸੀ ਆਈ ਪ੍ਰਵਾਨਿਤ ਕੋਰਸ ਦੀ ਮਿਆਦ ਇੱਕ ਸਾਲ ਹੋਵੇਗੀ ਅਤੇ ਇਹ ਸਿਖਿਆਰਥੀਆਂ ਨੂੰ ਬੱਚਿਆਂ ਅਤੇ ਪਰਿਵਾਰਾਂ ਲਈ ਮਾਨਸਿਕ ਸਿਹਤ ਗਤੀਵਿਧੀਆਂ ਕਰਨ ਲਈ ਸਿਖਲਾਈ ਦੇਵੇਗਾ। ਇਸ ਵਿੱਚ ਸਕੂਲਾਂ, ਭਾਈਚਾਰਿਆਂ ਅਤੇ ਬਾਲ-ਸੰਭਾਲ ਸੈਟਿੰਗਾਂ ਵਿੱਚ ਢਾਂਚਾਗਤ ਇੰਟਰਨਸ਼ਿਪ ਸ਼ਾਮਲ ਹੋਵੇਗੀ। ਵਾਈਸ ਚਾਂਸਲਰ ਪ੍ਰੋਫੈਸਰ ਰੇਨੂੰ ਵਿਗ ਨੇ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਅਤੇ ਨਸ਼ਾ ਮੁਕਤੀ ਅਭਿਆਨ ਨੂੰ ਹੱਲ ਕਰਨ ਦੀ ਤੁਰੰਤ ਲੋੜ ’ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਸਮਰਥਨ ਦੇਣ ਅਤੇ ਅਰਥਪੂਰਨ ਸ਼ਮੂਲੀਅਤ ਲਈ ਪੀਅਰ ਗਰੁੱਪ ਬਣਾਉਣ ਲਈ ਰਣਨੀਤੀਆਂ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਵਿਭਾਗ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਮਨੋਵਿਗਿਆਨ ਵਿਭਾਗ ਦੀ ਚੇਅਰਪਰਸਨ ਪ੍ਰੋਫੈਸਰ ਸੀਮਾ ਵਿਨਾਇਕ ਨੇ ਵਿਦਿਆਰਥੀਆਂ ਲਈ ਟੈਲੀ-ਕਾਉਂਸਲਿੰਗ ਸ਼ੁਰੂ ਕਰਨ, ਖੋਜ ਸਹਿਯੋਗ ਸ਼ੁਰੂ ਕਰਨ ਅਤੇ ਇੰਟਰਨਸ਼ਿਪ ਦੇ ਮੌਕੇ ਪੈਦਾ ਕਰਨ ਦੀ ਸੰਭਾਵਨਾ ਦੀ ਪੜਚੋਲ ਕਰਨ ਦਾ ਸੁਝਾਅ ਦਿੱਤਾ।
