ਪੀਯੂ ਵਿਦਿਆਰਥੀ ਚੋਣਾਂ: ਸਿਆਸੀ ਦਖ਼ਲਅੰਦਾਜ਼ੀ ਤੋਂ ਵਿਦਿਆਰਥੀ ਔਖੇ
ਕੁਲਦੀਪ ਸਿੰਘ
ਚੰਡੀਗੜ੍ਹ, 24 ਅਗਸਤ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਜਿੱਥੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਆਪੋ-ਆਪਣੇ ਢੰਗਾਂ ਨਾਲ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ, ਉੱਥੇ ਹੀ ਕਈ ਰਵਾਇਤੀ ਸਿਆਸੀ ਪਾਰਟੀਆਂ ਵੱਲੋਂ ਸਿੱਧੇ ਢੰਗ ਨਾਲ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ।
ਸਾਰੀਆਂ ਸਿਆਸੀ ਪਾਰਟੀਆਂ ਦਾ ਜ਼ੋਰ ਇਹ ਚੋਣ ਜਿੱਤਣ ’ਤੇ ਲੱਗਿਆ ਹੋਇਆ ਹੈ, ਜਿਸ ਨੂੰ ਇਨਸਾਫ਼ਪਸੰਦ ਵਿਦਿਆਰਥੀ ਵਰਗ ਬਰਦਾਸ਼ਤ ਨਹੀਂ ਕਰ ਸਕਦਾ।
ਕਈ ਨਿਰੋਲ ਵਿਦਿਆਰਥੀ ਜਥੇਬੰਦੀਆਂ ਨੇ ਇਨ੍ਹਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਆਪਣੀ ਦਖ਼ਲਅੰਦਾਜ਼ੀ ਤੁਰੰਤ ਬੰਦ ਕਰਨ ਅਤੇ ਪੀਯੂ ਕੈਂਪਸ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਹੈ ਅਤੇ ਅਥਾਰਿਟੀ ਤੋਂ ਵੀ ਮੰਗ ਕੀਤੀ ਕਿ ਹੈ ਇਨ੍ਹਾਂ ਚੋਣਾਂ ਨੂੰ ਨਿਰੋਲ ਵਿਦਿਆਰਥੀ ਚੋਣਾਂ ਹੀ ਰਹਿਣ ਦਿੱਤਾ ਜਾਵੇ। ਵਿਦਿਆਰਥੀ ਕੇਂਦਰ ਵਿੱਚ ਅੱਜ ਜਥੇਬੰਦੀ ‘ਸੱਥ’ ਵੱਲੋਂ ਕਰਵਾਏ ਢਾਡੀ ਵਾਰਾਂ ਅਤੇ ਕਵਿਤਾਵਾਂ ਪੇਸ਼ਕਾਰੀ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜੋਧ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀਆਂ ਨਾਲ ਸਬੰਧਿਤ ਜਥੇਬੰਦੀਆਂ ਵਿਦਿਆਰਥੀ ਮੁੱਦਿਆਂ ਦੀ ਗੱਲ ਨਹੀਂ ਕਰਦੀਆਂ ਬਲਕਿ ਕੈਂਪਸ ਦਾ ਮਾਹੌਲ ਖਰਾਬ ਕਰਦੀਆਂ ਹਨ।
ਉਨ੍ਹਾਂ ਨੇ ਸਮੁੱਚੇ ਵਿਦਿਆਰਥੀ ਵਰਗ ਨੂੰ ਅਪੀਲ ਕੀਤੀ ਕਿ ਨਿਰੋਲ ਵਿਦਿਆਰਥੀ ਜਥੇਬੰਦੀਆਂ ਨੂੰ ਹੀ ਸਹਿਯੋਗ ਦਿੱਤਾ ਜਾਵੇ।
ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੂਸੂ) ਦੇ ਆਗੂ ਭੁਪਿੰਦਰ ਸਿੰਘ ਨੇ ਅੱਜ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀਆਂ ਨੂੰ ਆਪਣੀ ਜਥੇਬੰਦੀ ਜੁਆਇਨ ਕਰਵਾਉਣ ਮੌਕੇ ਕਿਹਾ ਕਿ ਬੀਤੇ ਦਿਨ ਵਿਦਿਆਰਥੀ ਕੇਂਦਰ ਵਿਖੇ ਜੋ ਐੱਸਓਆਈ ਅਤੇ ਸੀਵਾਈਐੱਸਐੱਸ ਵਿੱਚ ਝੜਪਾਂ ਹੋਈਆਂ ਹਨ, ਉਨ੍ਹਾਂ ਨਾਲ ਕੈਂਪਸ ਦਾ ਮਾਹੌਲ ਖਰਾਬ ਹੋਇਆ ਹੈ। ਅਥਾਰਿਟੀ ਨੂੰ ਇਸ ਪਾਸੇ ਵੱਲ ਤੁਰੰਤ ਧਿਆਨ ਦੇ ਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਰੈਲੀ ਦੌਰਾਨ ਗੱਡੀਆਂ ਦੀ ਛੱਤ ’ਤੇ ਬੈਠਣ ਲਈ 11 ਵਾਹਨਾਂ ਦੇ ਚਲਾਨ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਚੋਣਾਂ ਨੇੜੇ ਆਉਣ ਕਾਰਨ ਸ਼ਹਿਰ ਵਿੱਚ ਗੱਡੀਆਂ ਦੀਆਂ ਛੱਤਾਂ ’ਤੇ ਬੈਠ ਕੇ ਰੈਲੀਆਂ ਕੱਢਣ ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਰੁਝਾਨ ਵੀ ਵੱਧ ਗਿਆ ਹੈ। ਇਸ ਸਬੰਧੀ ਜਾਣਕਾਰੀ ਮਿਲਦਿਆਂ ਟਰੈਫਿਕ ਪੁਲੀਸ ਨੇ ਸਿਟੀ ਬਿਊਟੀਫੁੱਲ ’ਚ ਗੱਡੀਆਂ ਦੀ ਛੱਤਾਂ ’ਤੇ ਬੈਠ ਕੇ ਰੈਲੀ ਕੱਢਣ ਸਬੰਧੀ 11 ਗੱਡੀਆਂ ਦੇ ਚਲਾਨ ਕੱਟੇ ਹਨ। ਇਹ ਚਲਾਨ ਆਨਲਾਈਨ ਹੀ ਵਾਹਨ ਮਾਲਕਾਂ ਦੇ ਘਰਾਂ ਵਿੱਚ ਭੇਜ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਧਿਆ ਮਾਰਗ ’ਤੇ ਪੀਜੀਆਈ ਚੌਕ ਤੋਂ ਸੈਕਟਰ-16 ਹਸਪਤਾਲ ਵਾਲੇ ਚੌਕ ਤੱਕ ਕੁਝ ਨੌਜਵਾਨਾਂ ਨੇ ਰੈਲੀ ਕੱਢੀ, ਇਸ ਦੌਰਾਨ ਨੌਜਵਾਨ ਗੱਡੀਆਂ ਦੀਆਂ ਛੱਤਾਂ ’ਤੇ ਬੈਠੇ ਦਿਖਾਏ ਦਿੱਤੇ ਅਤੇ ਵਧੇਰੇ ਨੌਜਵਾਨ ਗੱਡੀਆਂ ’ਤੇ ਲਟਕ ਰਹੇ ਸਨ। ਇਹ ਸਾਰੀ ਵੀਡੀਓ ਸ਼ਹਿਰ ਦੀਆਂ ਸੜਕਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਟਰੈਫਿਕ ਪੁਲੀਸ ਨੇ ਵੀਡੀਓ ਦੇ ਆਧਾਰ ’ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ 11 ਜਣਿਆਂ ਦੇ ਚਲਾਨ ਕੱਟੇ ਹਨ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਭਵਿੱਖ ਵਿੱਚ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਸਟਲਾਂ ’ਚ ਬਾਹਰੀ ਵਿਦਿਆਰਥੀਆਂ ਦੇ ਰੁਕਣ ’ਤੇ ਪਾਬੰਦੀ
ਚੰਡੀਗੜ੍ਹ (ਸੁਖਵਿੰਦਰ ਪਾਲ ਸੋਢੀ): ਸਬ ਡਿਵੀਜ਼ਨਲ ਪੁਲੀਸ ਅਧਿਕਾਰੀ ਨੇ ਕਾਲਜਾਂ ਵਿਚ ਵਿਦਿਆਰਥੀ ਚੋਣਾਂ ਸਬੰਧੀ ਕਾਲਜ ਮੁਖੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਤੇ ਕਾਲਜਾਂ ਵਿਚ ਹਿੰਸਕ ਕਾਰਵਾਈਆਂ ਤੋਂ ਗੁਰੇਜ਼ ਕਰਨ ਲਈ ਨਿਰਦੇਸ਼ ਜਾਰੀ ਕਰਨ। ਉਨ੍ਹਾਂ ਕਾਲਜ ਪ੍ਰਬੰਧਕਾਂ ਨੂੰ ਵਿਦਿਆਰਥੀ ਆਗੂਆਂ ਨਾਲ ਮੀਟਿੰਗ ਕਰਨ ਲਈ ਵੀ ਕਿਹਾ ਹੈ। ਕਾਲਜਾਂ ਵਿਚ ਵਿਦਿਆਰਥੀ ਚੋਣਾਂ ਸਬੰਧੀ ਅਧਿਆਪਕਾਂ ਦੀ ਇਕ ਟੀਮ ਬਣਾਉਣ ਲਈ ਵੀ ਕਿਹਾ ਹੈ ਜੋ ਵਿਦਿਆਰਥੀਆਂ ਆਗੂਆਂ ਦੇ ਸੰਪਰਕ ਵਿਚ ਰਹੇ। ਉਨ੍ਹਾਂ ਕਾਲਜ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੇ ਆਗੂਆਂ ਨਾਲ ਮੀਟਿੰਗਾਂ ਕਰਨ ਤੇ ਲਿੰਗਦੋਹ ਕਮਿਸ਼ਨ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਹਦਾਇਤਾਂ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਕਾਲਜ ਵਿੱਚ ਕੋਈ ਵੀ ਹਥਿਆਰ ਲੈ ਕੇ ਆਉਣ ਦੀ ਮਨਾਹੀ ਹੋਵੇਗੀ। ਉਨ੍ਹਾਂ ਕਾਲਜ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਪੁਲੀਸ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਹੋਸਟਲਾਂ ਦੀ ਜਾਂਚ ਕਰਨ ਤੇ ਹੋਸਟਲ ਵਿਚ ਰਹਿਣ ਵਾਲੇ ਬਾਹਰੀ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਵਿਦਿਆਰਥੀ ਚੋਣਾਂ ਤੱਕ ਹੋਸਟਲ ਵਿਚ ਕੋਈ ਵੀ ਗੈਸਟ ਤੇ ਬਾਹਰੀ ਵਿਦਿਆਰਥੀ ਦੇ ਠਹਿਰਨ ’ਤੇ ਪਾਬੰਦੀ ਲਾਈ ਗਈ ਹੈ। ਕਿਸੇ ਵੀ ਕਾਲਜ ਵਿਚ ਚੋਣ ਪ੍ਰਚਾਰ ਦੌਰਾਨ ਵੀ ਬਾਹਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਕਾਲਜਾਂ ਨੂੰ ਕਿਹਾ ਗਿਆ ਹੈ ਕਿ ਉਹ ਕਾਲਜ ਦੇ ਮੁੱਖ ਗੇਟ ’ਤੇ ਸੁਰੱਖਿਆ ਕਰਮੀ ਤਾੲਿਨਾਤ ਕਰਨ ਤੇ ਬਿਨਾਂ ਆਈ ਕਾਰਡ ਤੋਂ ਕਿਸੇ ਨੂੰ ਵੀ ਦਾਖਲਾ ਨਾ ਦਿੱਤਾ ਜਾਵੇ। ਉਨ੍ਹਾਂ ਚੰਡੀਗੜ੍ਹ ਪੁਲੀਸ, ਯੂਨੀਵਰਸਿਟੀ ਤੇ ਕਾਲਜ ਪ੍ਰਬੰਧਕਾਂ ਨੂੰ ਹੁੜਦੰਗ ਮਚਾਉਣ ਵਾਲਿਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ ਤਾਂ ਕਿ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਕਾਲਜਾਂ ਵਿਚ ਖੜ੍ਹੇ ਅਣਪਛਾਤੇ ਵਾਹਨਾਂ ਬਾਰੇ ਵੀ ਪੁਲੀਸ ਨੂੰ ਰਿਪੋਰਟ ਕਰਨ ਲਈ ਕਿਹਾ ਹੈ। ਕਾਲਜਾਂ ਨੂੰ ਕਿਹਾ ਗਿਆ ਹੈ ਕਿ ਉਹ ਐਂਟਰੀ ਪੁਆਇੰਟ ਤੇ ਮੁੱਖ ਸਥਾਨਾਂ ਦੇ ਸੀਸੀਟੀਵੀ ਕੈਮਰਿਆਂ ਦੇ ਚਾਲੂ ਹਾਲਤ ਵਿਚ ਰੱਖਣ ਲਈ ਪ੍ਰਬੰਧ ਕਰਨ।
