ਵੱਕਾਰੀ 601-800 ਗਲੋਬਲ ਰੈਂਕ ਬੈਂਡ ਵਿੱਚ ਪੀ ਯੂ ਦਾ ਦਬਦਬਾ ਕਾਇਮ
ਪੀ.ਯੂ. ਦੇ ਬੁਲਾਰੇ ਨੇ ਦੱਸਿਆ ਕਿ ‘ਦਿ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਦਾ 2026 ਐਡੀਸ਼ਨ ਅੱਜ ਘੋਸ਼ਿਤ ਕੀਤਾ ਗਿਆ ਜਿਸ ਵਿੱਚ 115 ਦੇਸ਼ਾਂ ਦੀਆਂ 2,091 ਯੂਨੀਵਰਸਿਟੀਆਂ ਦਾ ਅਧਿਆਪਨ, ਖੋਜ ਵਾਤਾਵਰਨ, ਖੋਜ ਗੁਣਵੱਤਾ, ਉਦਯੋਗਿਕ ਸ਼ਮੂਲੀਅਤ ਅਤੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਕਵਰ ਕਰਨ ਵਾਲੇ ਮਾਪਦੰਡਾਂ ਦਾ ਮੁਲਾਂਕਣ ਕੀਤਾ ਗਿਆ। ਪੀ.ਯੂ. ਨੇ ਆਪਣੀ ਸਮੁੱਚੀ ਅਕਾਦਮਿਕ ਅਤੇ ਖੋਜ ਪ੍ਰੋਫਾਈਲ ਵਿੱਚ ਮਹੱਤਵਪੂਰਨ ਤਰੱਕੀ ਦਿਖਾਈ।
ਸਾਰੇ ਮਾਪਦੰਡਾਂ ਵਿੱਚ ਯੂਨੀਵਰਸਿਟੀ ਦੇ ਸੁਧਰੇ ਹੋਏ ਪ੍ਰਦਰਸ਼ਨ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਪੀ ਯੂ ਦੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਕਿਹਾ ਕਿ ਇਹ ਰੈਂਕਿੰਗ ਸਪੱਸ਼ਟ ਤੌਰ ’ਤੇ ਵੱਖ-ਵੱਖ ਮਾਪਦੰਡਾਂ ਵਿੱਚ ’ਵਰਸਿਟੀ ਦੇ ਨਿਰੰਤਰ ਵਾਧੇ ਨੂੰ ਦਰਸਾਉਂਦਾ ਹੈ ਜੋ ਵਿਸ਼ਵਵਿਆਪੀ ਖੋਜ ਅਤੇ ਨਵੀਨਤਾ ਵਿੱਚ ਯੂਨੀਵਰਸਿਟੀ ਦੇ ਵਧੇ ਹੋਏ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੈ।
ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਪ੍ਰੋ. ਵਿੱਗ ਨੇ ਅੱਗੇ ਕਿਹਾ ਕਿ ਵਿਸ਼ਵਵਿਆਪੀ ਅਤੇ ਰਾਸ਼ਟਰੀ ਮੋਰਚੇ ’ਤੇ ਪੀ.ਯੂ. ਸਾਰੀਆਂ ਰੈਂਕਿੰਗਾਂ ਦੇ ਵੱਖ-ਵੱਖ ਮਾਪਦੰਡਾਂ ਵਿੱਚ ਲਗਾਤਾਰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ ਵਿਦਿਆਰਥੀ-ਕੇਂਦ੍ਰਿਤ ਪਹਿਲਕਦਮੀਆਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਪੀ.ਯੂ. ਉਕਤ ਰੈਂਕਿੰਗ ਵਿੱਚ 601-800 ਬਰੈਕਟ ਵਿੱਚ ਅੱਗੇ ਵਧੀ ਹੈ।
ਪ੍ਰੋ. ਵਿੱਗ ਨੇ ਕਿਹਾ ਕਿ ਯੂਨੀਵਰਸਿਟੀ ਪਹਿਲਾਂ ਹੀ ਵਿਕਸਿਤ ਭਾਰਤ-2047 ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ ਅਤੇ ਪੀ.ਯੂ. ਦੀ ਵਿਸ਼ਵ ਵਿਆਪੀ ਸਥਿਤੀ ਨੂੰ ਹੋਰ ਵਧਾਉਂਦੀ ਹੈ।