PU Elections: ਏਬੀਵੀਪੀ ਨੇ ਗੌਰਵਵੀਰ ਸੋਹਲ ਨੂੰ ਉਮੀਦਵਾਰ ਐਲਾਨਿਆ
ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਨੇ ਪੀਯੂਐੱਸਸੀ ਚੋਣਾਂ ਦੇ ਇਤਿਹਾਸ ਵਿੱਚ ਕਦੇ ਵੀ ਪ੍ਰਧਾਨ ਦੀ ਸੀਟ ਨਹੀਂ ਜਿੱਤੀ ਹੈ। ਪਿਛਲੇ ਸਾਲ ਜਥੇਬੰਦੀ ਨੇ ਚਾਰਾਂ ਅਹੁਦਿਆਂ ’ਤੇ ਉਮੀਦਵਾਰ ਖੜ੍ਹੇ ਕਰਨ ਦੇ ਬਾਵਜੂਦ ਸਿਰਫ਼ ਸੰਯੁਕਤ ਸਕੱਤਰ ਦਾ ਅਹੁਦਾ ਜਿੱਤਿਆ ਸੀ।
ਪਾਰਟੀ ਨੇ ਉੱਤਰੀ ਅਤੇ ਦੱਖਣੀ ਕੈਂਪਸਾਂ ਵਿੱਚ ਹਰੇਕ ਅਕਾਦਮਿਕ ਅਤੇ ਪ੍ਰਸ਼ਾਸਕੀ ਇਮਾਰਤ ’ਤੇ ਛੱਤ ਵਾਲੇ ਸੋਲਰ ਪੈਨਲ ਲਗਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਇੱਕ ਆਧੁਨਿਕ ਸਿੰਥੈਟਿਕ ਅਥਲੈਟਿਕਸ ਟਰੈਕ, ਦੋਵਾਂ ਕੈਂਪਸਾਂ ਵਿੱਚ ਚੌਵੀ ਘੰਟੇ ਚੱਲਣ ਵਾਲੀਆਂ tuck ਦੁਕਾਨਾਂ ਅਤੇ ਕੰਟੀਨ ਸਹੂਲਤਾਂ, ਯੂਨੀਵਰਸਿਟੀ ਪੱਧਰ ’ਤੇ ਪਲੇਸਮੈਂਟ ਫੈਸਟੀਵਲ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਹਰ 100 ਮੀਟਰ ’ਤੇ ਐੱਸਓਐੱਸ ਪੈਨਿਕ ਬਟਨ ਲਗਾਉਣ ਦਾ ਵਾਅਦਾ ਕੀਤਾ ਹੈ।
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ (SOPU) ਨੇ ਯੂਨੀਵਰਸਿਟੀ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਦੀ ਵਿਦਿਆਰਥਣ ਅਰਦਾਸ ਕੌਰ ਨੂੰ ਸਿਖਰਲੇ ਅਹੁਦੇ ਲਈ ਆਪਣਾ ਉਮੀਦਵਾਰ ਐਲਾਨਿਆ। ਲਗਭਗ ਇੱਕ ਦਹਾਕੇ ਬਾਅਦ ਐੱਸਓਪੀਯੂ ਸਮੂਹ ਨੇ ਪ੍ਰਧਾਨ ਦੇ ਅਹੁਦੇ ’ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ ਅਤੇ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਯੂਨੀਵਰਸਿਟੀ ਵਿੱਚ ਇੱਕ ਮਹਿਲਾ ਪਾਰਟੀ ਦਾ ਚਿਹਰਾ ਹੋਵੇਗੀ। ਅਰਦਾਸ ਕੌਰ ਨੇ ਕਿਹਾ, ‘‘ਮੈਂ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਾਂਗੀ। ਮੈਂ ਲੰਬੇ ਸਮੇਂ ਤੋਂ ਸਮੂਹ ਨਾਲ ਜੁੜੀ ਹੋਈ ਹਾਂ ਅਤੇ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕਰਾਂਗੀ। ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।’’