ਨਵੇਂ ਕਿਰਤ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਰੈਲੀ
ਸ਼ਸ਼ੀ ਪਾਲ ਜੈਨ
ਖਰੜ, 21 ਮਈ
ਜੁਆਇੰਟ ਫੋਰਮ, ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਵੱਲੋਂ ਖਰੜ ਸਥਿਤ ਡਿਵੀਜ਼ਨ ਦਫ਼ਤਰ ਵਿੱਚ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ’ਤੇ ਪ੍ਰਧਾਨ ਟੀਐੱਸਯੂ ਡਿਵੀਜ਼ਨ ਖਰੜ ਸੁਖਜਿੰਦਰ ਸਿੰਘ, ਐੱਮਐੱਸਯੂ ਡਿਵੀਜ਼ਨ ਖਰੜ ਵਰਿੰਦਰ ਸਿੰਘ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਅਤੁੱਲ ਸਿਡਾਨਾ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਕਨਵੀਨਰ ਜੁਆਇੰਟ ਫੋਰਮ ਹਰਪਾਲ ਸਿੰਘ, ਮੈਂਬਰ ਜੁਆਇੰਟ ਫੋਰਮ ਸੁਖਵਿੰਦਰ ਸਿੰਘ ਦੁੱਮਣਾ, ਸੂਬਾ ਪ੍ਰਧਾਨ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਰੈਲੀ ਨਵੇਂ ਲੇਬਰ ਕਾਨੂੰਨਾਂ ਦੇ ਵਿਰੋਧ ਵਿੱਚ ਕੀਤੀ ਗਈ। ਰੈਲੀ ਦੌਰਾਨ ਉਨ੍ਹਾਂ ਨਵੇਂ ਕਾਨੂੰਨਾਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕੰਮ ਦੇ ਘੰਟੇ ਵਧਾਉਂਦੇ ਹਨ, ਕੰਟਰੈਕਟ ਅਤੇ ਠੇਕੇਦਾਰੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਨਿਯਮਤ ਰੁਜ਼ਗਾਰ ਦੇ ਮੌਕੇ ਘਟਾ ਰਹੇ ਹਨ। ਇਨ੍ਹਾਂ ਰਾਹੀਂ ਟਰੇਡ ਯੂਨੀਅਨਾਂ ਦੀ ਆਜ਼ਾਦੀ ਨੂੰ ਸੀਮਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਰੈਲੀ ਨਾਲ 9 ਜੁਲਾਈ ਨੂੰ ਹੋਣ ਵਾਲੀ ਕੌਮੀ ਹੜਤਾਲ ਲਈ ਤਿਆਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਹੜਤਾਲ ਸਿਰਫ਼ ਲੇਬਰ ਕੋਡਜ਼ ਦੇ ਵਿਰੋਧ ਵਿੱਚ ਨਹੀਂ, ਸਗੋਂ ਇਕ ਵੱਡੀ ਲੜਾਈ ਹੋਵੇਗੀ ਜੋ ਮਜ਼ਦੂਰਾਂ, ਨੌਜਵਾਨਾਂ, ਔਰਤਾਂ ਵਿਰੁੱਧ ਬਣਾਈਆਂ ਜਾ ਰਹੀਆਂ ਨੀਤੀਆਂ ਖ਼ਿਲਾਫ਼ ਹੋਵੇਗੀ।
ਰੈਲੀ ਵਿੱਚ ਵੱਡੀ ਗਿਣਤੀ ਬਿਜਲੀ ਕਾਮਿਆਂ ਨੇ ਹਿੱਸਾ ਲਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਗੁੱਸੇ ਦਾ ਇਜ਼ਹਾਰ ਕੀਤਾ। ਇਸ ਰੋਸ ਰੈਲੀ ਵਿੱਚ ਬਲਵਿੰਦਰ ਸਿੰਘ, ਰੰਜੂ, ਬਲਵਿੰਦਰ ਸਿੰਘ ਹੈਪੀ, ਸ਼ੇਰ ਸਿੰਘ, ਪ੍ਰੀਤੀ ਸ਼ਰਮਾ, ਮਦਨ ਲਾਲ, ਗੋਪੀ ਚੰਦ ਨੇ ਵੀ ਸੰਬੋਧਨ ਕੀਤਾ।