ਸੜਕਾਂ ਦੀ ਖਸਤਾ ਹਾਲਤ ਕਾਰਨ ਮੁਜ਼ਾਹਰਾ
ਪਿੰਡ ਖੂਨੀਮਾਜਰੇ ਦੇ ਲੋਕਾਂ ਨੇ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਕਾਰਨ ਅੱਜ ਰੋਸ ਪ੍ਰਗਟਾਇਆ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਵਿਚ ਸ਼ਾਮਿਲ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਹਰਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਨੇ ਕਿਹਾ ਕਿ ਪਿੰਡ ਖੂਨੀਮਾਜਰੇ ਦੀਆਂ ਸੜਕਾਂ ਸੰਤੇਮਾਜਰੇ ਤੋਂ ਖੂਨੀਮਾਜਰਾ, ਬਹੁ-ਤਕਨੀਕੀ ਕਾਲਜ ਤੋਂ ਖੂਨੀਮਾਜਰਾ ਸੜਕਾਂ ਦੀ ਹਾਲਤ ਐਨੀ ਮਾੜੀ ਹੈ ਕਿ ਪਿੰਡ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣੇ ਨੂੰ ਸਾਢੇ ਤਿੰਨ ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਪਿੰਡ ਦਾ ਵਿਕਾਸ ਨਹੀਂ ਹੋਇਆ ਜਦਕਿ ਉਨਾਂ ਦੇ ਪਿੰਡ ਦੀ ਕਰੋੜਾਂ ਰੁਪਏ ਦੀ ਜ਼ਮੀਨ ਨਗਰ ਕੌਂਸਲ ਨੇ ਪ੍ਰਾਪਤ ਕਰ ਲਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਚਾਇਤੀ ਜ਼ਮੀਨ ਵਿਚ ਜਿਥੇ ਬੱਚਿਆਂ ਲਈ ਸਟੇਡੀਅਮ ਉਸਾਰਿਆ ਗਿਆ ਸੀ, ਉਸ ਨੂੰ ਵੀ ਤਹਿਸ ਨਹਿਸ ਕਰਕੇ ਐਸ ਟੀ ਪੀ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਇੱਕ ਧਰਨੇ ਦੌਰਾਨ ਵਾਅਦਾ ਕਰਕੇ ਗਏ ਸਨ ਕਿ 20 ਜੁਲਾਈ ਤੱਕ ਸੜਕਾਂ ਦਾ ਸੁਧਾਰ ਹੋ ਜਾਵੇਗਾ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਖਰੜ-ਲਾਂਡਰਾਂ ਰੋਡ ’ਤੇ ਇੱਕ ਕੱਟ ਪਿੰਡ ਖੂਨੀਮਾਜਰਾ ਨੂੰ ਜਾਂਦਾ ਹੈ ਜਿਸ ਉਤੇ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਤੇ ਪੁਲੀਸ ਸਟੇਸ਼ਨ ਸਦਰ ਦੀਆਂ ਕਰੋੜਾਂ ਰੁਪਏ ਦੀਆਂ ਇਮਾਰਤਾਂ ਹਨ ਪਰ ਸੜਕ ਟੁੱਟੀ ਹੋਣ ਕਰਕੇ ਵਿਦਿਆਰਥੀਆਂ, ਸਟਾਫ ਅਤੇ ਪੁਲੀਸ ਮੁਲਾਜ਼ਮਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਉਨਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਸੜਕਾਂ ਦਾ ਸੁਧਾਰ ਨਾ ਕੀਤਾ ਗਿਆ ਤਾਂ ਉਹ ਨਗਰ ਕੌਂਸਲ ਦਫਤਰ ਦਾ ਘਿਰਾਓ ਕਰਨਗੇ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਹੈ ਕਿ ਇਸ ਮਾਰਗ ਉਤੇ ਇੱਕ ਐਸ ਟੀ ਪੀ ਪਲਾਟ ਲਗਾਇਆ ਜਾ ਰਿਹਾ ਹੈ ਜਿਸ ਸਬੰਧੀ ਪਾਇਪਾਂ ਪਾਈਆਂ ਗਈਆਂ ਹਨ ਤੇ ਇਨ੍ਹਾਂ ਦਾ ਕੰਮ ਬੰਦ ਹੋਣ ਤੋਂ ਬਾਅਦ ਨਗਰ ਕੌਸਲ ਵਲੋਂ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਖੂਨੀਮਾਜਰੇ ਦੇ ਲੋਕ।