ਤਨਖਾਹਾਂ ਦੇ ਬਕਾਏ ਜਾਰੀ ਨਾ ਕਰਨ ’ਤੇ ਰੋਸ
ਪੀ ਜੀ ਆਈ ਚੰਡੀਗੜ੍ਹ ਦੇ ਕੰਟਰੈਕਟ ਵਰਕਰਾਂ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵਰਕਰਾਂ ਦੀਆਂ ਮੰਗਾਂ ਨੂੰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਅੱਜ ਹਸਪਤਾਲ ਅਟੈਂਡੈਂਟ ਅਮਨਪ੍ਰੀਤ ਕੌਰ ਅਤੇ ਸਫ਼ਾਈ ਕਰਮਚਾਰੀ ਵੀਨਾ ਭੁੱਖ ਹੜਤਾਲ ’ਤੇ ਬੈਠੀਆਂ।
ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਦੱਸਿਆ ਕਿ ਵਰਕਰਾਂ ਦੀਆਂ ਸੋਧੀਆਂ ਹੋਈਆਂ ਤਨਖਾਹਾਂ ਸਮੇਤ ਹੋਰ ਬਕਾਇਆਂ ਦਾ ਕੇਂਦਰ ਸਰਕਾਰ ਤੋਂ ਮਨਜ਼ੂਰ ਹੋ ਕੇ ਆਈ ਗਰਾਂਟ ਵਿੱਚੋਂ ਲਗਭਗ 76 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਕਸ਼ਨ ਕਮੇਟੀ ਦੀ ਮੰਗ ਹੈ ਕਿ ਕੇਂਦਰ ਸਰਕਾਰ ਤੋਂ ਸਾਲ-2018 ਅਤੇ ਜੁਲਾਈ-2025 ਦੀਆਂ ਨੋਟੀਫਿਕੇਸ਼ਨਾਂ ਦੇ ਅਧਾਰ ’ਤੇ ਵਰਕਰਾਂ ਦੀਆਂ ਮੁਢਲੀਆਂ ਤਨਖਾਹਾਂ ਅਤੇ ਮਹਿੰਗਾਈ ਭੱਤੇ ਦੇ ਬਕਾਇਆਂ ਲਈ ਦੇਣਯੋਗ ਕਰੀਬ 76 ਕਰੋੜ ਰੁਪਏ ਦੀ ਰਾਸ਼ੀ ਪੀ ਜੀ ਆਈ ਪ੍ਰਬੰਧਨ ਰਿਲੀਜ਼ ਨਹੀਂ ਕਰ ਰਿਹਾ ਹੈ ਜਦਕਿ ਇਹ ਰਾਸ਼ੀ ਕੇਂਦਰ ਸਰਕਾਰ ਵੱਲੋਂ ਆ ਚੁੱਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਲ 2024 ਤੋਂ 25 ਤੱਕ ਦੇ ਬਕਾਏ ਰਿਲੀਜ਼ ਨਾ ਕੀਤੇ ਜਾਣ ਦੇ ਰੋਸ ਵਜੋਂ ਪੀ ਜੀ ਆਈ ਦੀਆਂ ਚਾਰ ਵਰਕਰ ਸ਼੍ਰੇਣੀਆਂ ਸਫ਼ਾਈ ਕਾਮੇ, ਹੌਸਪਿਟਲ ਅਟੈਂਡੈਂਟ, ਸਕਿਓਰਿਟੀ ਗਾਰਡ ਅਤੇ ਕਿਚਨ ਸਟਾਫ਼ ਹੜਤਾਲ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡਾਇਰੈਕਟਰ ਪੀ ਜੀ ਆਈ ਵੱਲੋਂ 12 ਅਗਸਤ ਨੂੰ ਯੂ ਟੀ ਕਿਰਤ ਵਿਭਾਗ ਨੂੰ ਦਿੱਤੇ ਗਏ ਲਿਖਤੀ ਪੱਤਰ ਵਿੱਚ ਜਲਦੀ ਗਰਾਂਟ ਜਾਰੀ ਕਰਨ ਦੀ ਗੱਲ ਆਖੀ ਗਈ ਸੀ ਪਰ ਹੁਣ ਫਿਰ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਗਰਾਂਟ ਜਾਰੀ ਨਹੀਂ ਕੀਤੀ ਗਈ ਜਿਸ ਕਰਕੇ ਮਜਬੂਰਨ ਵਰਕਰਾਂ ਨੂੰ ਭੁੱਖ ਹੜਤਾਲ ਸ਼ੁਰੂ ਕਰਨੀ ਪਈ ਹੈ।
24 ਘੰਟੇ ਦੀ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ
ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕੀਤੀ ਜਾ ਰਹੀ ਇਹ ਭੁੱਖ ਹੜਤਾਲ 26 ਨਵੰਬਰ ਤੱਕ ਚੱਲੇਗੀ ਅਤੇ ਜੇਕਰ ਪ੍ਰਸ਼ਾਸਨ ਨੇ ਫੰਡ ਜਾਰੀ ਨਾ ਕੀਤੇ ਤਾਂ 27 ਨਵੰਬਰ ਤੋਂ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਜੇਕਰ ਫਿਰ ਵੀ ਪ੍ਰਸ਼ਾਸਨ ਨਾ ਜਾਗਿਆ ਤਾਂ 1 ਦਸੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ਚੌਕ ਵਿੱਚ ਜਾ ਕੇ ਪੀ ਜੀ ਆਈ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਕੇਂਦਰੀ ਸਿਹਤ ਮੰਤਰਾਲੇ ਤੱਕ ਵਰਕਰਾਂ ਦੀ ਅਵਾਜ਼ ਪਹੁੰਚਾਈ ਜਾਵੇਗੀ। ਉਸ ਤੋਂ ਬਾਅਦ ਲੋੜ ਪੈਣ ’ਤੇ ਮਰਨ ਵਰਤ ਸ਼ੁਰੂ ਕਰ ਦਿੱਤਾ ਜਾਵੇਗਾ।
