ਛਿੰਝ ਲਈ ਪ੍ਰਵਾਨਗੀ ਨਾ ਦੇਣ ਖ਼ਿਲਾਫ਼ ਨਹਿਰ ਦੇ ਪੁਲ ’ਤੇ ਰੋਸ ਮੁਜ਼ਾਹਰਾ
ਨਜ਼ਦੀਕੀ ਪਿੰਡ ਜਟਾਣਾ ਵਿੱਚ 16 ਅਗਸਤ ਨੂੰ ਹੋਣ ਵਾਲੀ ਛਿੰਝ ਤੇ ਸੱਭਿਆਚਾਰਕ ਮੇਲੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰਾਜਸੀ ਦਬਾਅ ਕਾਰਨ ਪ੍ਰਵਾਨਗੀ ਨਾ ਦੇਣ ਕਰਕੇ ਛਿੰਝ ਕਰਵਾਉਣ ਵਾਲੇ ਪ੍ਰਬੰਧਕਾਂ ਵੱਲੋਂ ਇੱਥੇਂ ਸਰਹਿੰਦ ਨਹਿਰ ਪੁਲ ’ਤੇ ਸਵੇਰੇ 10 ਤੋਂ 5 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ ਅਤੇ ਆਵਾਜਾਈ ਜਾਮ ਕੀਤੀ ਗਈ। ਡੀਐਸਪੀ, ਥਾਣਾ ਮੁਖੀ ਅਤੇ ਤਹਿਸੀਲਦਾਰ ਵੱਲੋਂ ਛਿੰਝ ਕਮੇਟੀ ਨੂੰ 11 ਅਗਸਤ ਨੂੰ ਸਵੇਰੇ 12 ਵਜੇ ਐੱਸਡੀਐੱਮ ਦਫਤਰ ਵਿੱਚ ਗੱਲਬਾਤ ਕਰਨ ਦਾ ਸੱਦਾ ਦੇਣ ਉਪਰੰਤ ਇਹ ਧਰਨਾ ਸਮਾਪਤ ਕੀਤਾ ਗਿਆ। ਇਸ ਧਰਨੇ ਕਾਰਨ ਪੁਲੀਸ ਨੂੰ ਟਰੈਫਿਕ ਦੇ ਬਦਲਵੇਂ ਪ੍ਰਬੰਧ ਕਰਨੇ ਪਏ ਅਤੇ ਰਾਹਗੀਰ ਪ੍ਰੇਸ਼ਾਨ ਹੁੰਦੇ ਤੇ ਧਰਨਕਾਰੀਆਂ ਨਾਲ ਬਹਿਸਦੇ ਵੀ ਵੇਖੇ ਗਏ।
ਧਰਨੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਸ਼ਿਰਕਤ ਕੀਤੀ। ਸ੍ਰੀ ਚੰਨੀ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਛਿੰਝ ਮੇਲੇ ਪੰਜਾਬ ਦੀ ਵਿਰਾਸਤ ਦਾ ਅਹਿਮ ਅੰਗ ਹਨ। ਪਿੰਡ ਜਟਾਣਾ ਵਿੱਚ ਲਗਪਗ 50 ਸਾਲਾਂ ਤੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਹੁੰਦੀ ਆ ਰਹੀ ਹੈ, ਪਰ ਸਰਕਾਰ ਦੇ ਕਿਸੇ ਆਗੂ ਦੀ ਸਰਪ੍ਰਸਤੀ ਹੇਠ ਸਥਾਨਕ ਸਿਵਲ ਤੇ ਪੁਲੀਸ ਪ੍ਰਸ਼ਾਸਨ ਛਿੰਝ ਕਮੇਟੀ ਨੂੰ ਛਿੰਝ ਕਰਵਾਉਣ ਲਈ ਲੋੜੀਦੀਆਂ ਪ੍ਰਵਾਨਗੀਆਂ ਦੇਣ ਤੋਂ ਆਨਾ-ਕਾਨੀ ਕਰ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪ੍ਰਸ਼ਾਸਨਿਕ ਅਧਿਕਾਰੀ ਭਾਵੇਂ ਪਿੰਡ ਜਟਾਣਾ ਵਿਖੇ 16 ਅਗਸਤ ਨੂੰ ਹੋਣ ਵਾਲੀ ਛਿੰਝ ਲਈ ਪ੍ਰਵਾਨਗੀਆਂ ਜਾਰੀ ਕਰਨ ਜਾਂ ਨਾ, ਪਰ ਇਹ ਹਰ ਹੀਲੇ ਕਰਵਾਈ ਜਾਵੇਗੀ।
ਤਹਿਸੀਲਦਾਰ ਰਮਨ ਕੁਮਾਰ, ਡੀਐੱਸਪੀ ਮਨਜੀਤ ਸਿੰਘ ਔਲਖ ਅਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਛਿੰਝ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ 11 ਅਗਸਤ ਨੂੰ 12 ਵਜੇ ਐੱਸਡੀਐੱਮ ਦਫ਼ਤਰ ਬੁਲਾਇਆ ਹੈ ਤਾਂ ਜੋ ਪਿੰਡ ਵਿੱਚ 2 ਵੱਖ ਵੱਖ ਦਿਨ ਹੋਣ ਵਾਲੀ ਛਿੰਝ ਨੂੰ ਸਮੂਹ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਇੱਕ ਦਿਨ ਹੀ ਮਨਾਇਆ ਜਾ ਸਕੇ।