ਮੁਹਾਲੀ ਤੇ ਪਟਿਆਲਾ ਦੀਆਂ ਸਰਕਾਰੀ ਜ਼ਮੀਨਾਂ ਨੂੰ ਵੇਚਣ ਵਿਰੁੱਧ ਖੋਲ੍ਹਿਆ ਮੋਰਚਾ
ਸਰਕਾਰੀ ਪ੍ਰੈੱਸ, ਮੁਹਾਲੀ ਅਤੇ ਸਰਕਾਰੀ ਪ੍ਰੈੱਸ ਪਟਿਆਲਾ ਦੇ ਮੁੱਖ ਦਫਤਰ ਦੇ ਕਰਮਚਾਰੀਆਂ ਵੱਲੋਂ ਸਰਕਾਰੀ ਪ੍ਰੈੱਸ ਦੀਆਂ ਜ਼ਮੀਨਾਂ ਪੁੱਡਾ/ਗਮਾਡਾ ਨੂੰ ਸੌਂਪਣ ਸਬੰਧੀ ਹੋ ਰਹੀ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਦਿਆਂ ਅੱਜ ਸਰਕਾਰੀ ਪ੍ਰੈੱਸ ਮੁਹਾਲੀ ਦੇ ਮੁੱਖ ਦਫ਼ਤਰ ਵਿੱਚ ਰੋਸ ਰੈਲੀ ਕੀਤੀ ਗਈ। ਮੁਲਾਜ਼ਮਾਂ ਨੇ ਇਸ ਮੌਕੇ ਸਰਕਾਰ ਦੀ ਕਾਰਵਾਈ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਵੀ ਕੀਤੀ। ਪ੍ਰਿੰਟਿੰਗ ਐਂਡ ਸਟੇਸ਼ਨਰੀ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਹਰੀ ਭੂਸ਼ਣ ਨੇ ਦੱਸਿਆ ਕਿ ਸਰਕਾਰ ਇਮਾਰਤਾਂ ਨੂੰ ਵੇਚ ਕੇ ਸੈਕੜੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਰੀ-ਸਟਰਕਚਰਿੰਗ ਦੇ ਹੋਣ ਉਪਰੰਤ ਹੁਣ ਤੱਕ ਰੂਲ ਪ੍ਰਵਾਨ ਕਰਨ ਸਬੰਧੀ ਮਿਸਲ ਵੀ ਸਰਕਾਰ ਕੋਲ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੈ, ਜਿਸ ਨੂੰ ਹੁਣ ਤੱਕ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਵਿਭਾਗ ਵਿੱਚ ਹੋਣ ਵਾਲੀਆਂ ਤਰੱਕੀਆਂ ਅਤੇ ਖਾਲੀ ਪਈਆਂ ਅਸਾਮੀਆਂ ਦੀ ਸਿੱਧੇ ਤੌਰ ’ਤੇ ਭਰਤੀ ਨਹੀਂ ਕੀਤੀ ਜਾ ਰਹੀ।
ਮੁਲਾਜ਼ਮਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਲੋਕ ਭਲਾਈ ਸਬੰਧੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਰਕਾਰੀ ਪ੍ਰੈੱਸ, ਪਟਿਆਲਾ ਅਤੇ ਸਰਕਾਰੀ ਪ੍ਰੈੱਸ ਮੁਹਾਲੀ ਨੂੰ ਉਨ੍ਹਾਂ ਪਾਸ ਉਪਲੱਬਧ ਜ਼ਮੀਨਾਂ ਵਿੱਚੋਂ ਕੁੱਝ ਹਿੱਸੇ ’ਤੇ ਨਵੀਆਂ ਇਮਾਰਤਾਂ ਦੀ ਉਸਾਰੀ ਕਰੇ ਅਤੇ ਸਰਕਾਰੀ ਪ੍ਰੈੱਸਾਂ ਵਿੱਚ ਨਵੀਂ ਆਧੁਨਿਕ ਮਸ਼ੀਨਰੀ ਲਗਾਏ, ਤਾਂ ਜੋ ਮੁਲਾਜ਼ਮਾਂ ਅਤੇ ਦਫਤਰ ਦਾ ਭਵਿੱਖ ਸੁਰੱਖਿਅਤ ਹੋ ਸਕੇ। ਮੁਲਾਜ਼ਮਾਂ ਨੇ ਕਿਹਾ ਕਿ ਅਜਿਹਾ ਨਾ ਹੋਣ ’ਤੇ ਮੁਲਾਜ਼ਮ ਆਪਣੇ ਹੱਕਾਂ ਲਈ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਮੌਕੇ ਐਸੋਸ਼ੀਏਸ਼ਨ ਦੇ ਮੀਤ ਪ੍ਰਧਾਨ ਧਰਮਿੰਦਰ ਕੁਮਾਰ, ਜਨਰਲ ਸਕੱਤਰ ਰਵਨੀਤ ਸਿੰਘ, ਪ੍ਰੈਸ ਸਕੱਤਰ ਪ੍ਰਿਥੀ ਸਿੰਘ, ਪਟਿਆਲਾ ਪ੍ਰੈਸ ਦੇ ਪ੍ਰਧਾਨ ਹਰਦੀਪ ਸਿੰਘ, ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਜਨਰਲ ਸਕੱਤਰ ਦਲਜੀਤ ਸਿੰਘ ਅਤੇ ਰਮਨਦੀਪ ਕੌਰ, ਪਵਨ ਕੁਮਾਰ, ਚੇਤਨ ਸ਼ਰਮਾ, ਜਸਵਿੰਦਰ ਸਿੰਘ, ਪੰਕਜ, ਰੁਪਿੰਦਰ, ਹੁਸਨ ਲਾਲ ਅਤੇ ਸਮੂਹ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੇ ਕਰਮਚਾਰੀਆ ਤੋਂ ਇਲਾਵਾ ਸੁਖਚੈਨ ਸਿੰਘ ਖਹਿਰਾ, ਮਨਦੀਪ ਸੰਧੂ ਅਤੇ ਮਨਿਸਟੀਰੀਅਲ ਅਤੇ ਟੈਕਨੀਕਲ ਵਰਕਰ ਯੂਨੀਅਨ ਛਪਾਈ ਅਤੇ ਲਿਖਣ ਸਮੱਗਰੀ ਵਿਭਾਗ ਪੰਜਾਬ ਦੇ ਕਰਮਚਾਰੀ ਮੌਜੂਦ ਸਨ।