ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਰੋਸ ਮੁਜ਼ਾਹਰਾ
ਸੰਨੀ ਐਨਕਲੇਵ ਸੈਕਟਰ 123, 124 ਅਤੇ 125 ਦੀਆਂ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ ਹਾਕਮ ਸਿੰਘ ਸਾਬਕਾ ਚੇਅਰਮੈਨ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਲਗਪਗ 15 ਐਸੋਸੀਏਸ਼ਨਾਂ ਦੇ 60 ਮੈਂਬਰਾਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਸੰਨੀ ਐਨਕਲੇਵ ਦੇ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਸੈਕਟਰਾਂ ਵਿੱਚ ਵਸੀਆਂ ਪ੍ਰਵਾਨਤ ਗੈਰ-ਪ੍ਰਮਾਣਿਤ ਤੇ ਮੈਗਾ ਪ੍ਰਾਜੈਕਟਾਂ ਦੇ ਵਾਸੀਆਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਤੱਕ ਸਥਾਨਕ ਸਿਆਸੀ ਨੇਤਾਵਾਂ, ਮੈਂਬਰ ਪਾਰਲੀਮੈਂਟ ਅਤੇ ਐਮ ਐਲ ਏ ਰਾਹੀਂ ਪਹੁੰਚ ਕੀਤੀ ਜਾਵੇ।
ਪਵਿੱਤਰਪਾਲ ਸਿੰਘ ਬਰਾੜ, ਬਲਵੰਤ ਸਿੰਘ ਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਨ੍ਹਾਂ ਸੈਕਟਰਾਂ ਦੇ ਡਿਵੈੱਲਪਰ ਹਾਜ਼ਰ ਨਾ ਹੋਣ ਕਾਰਨ ਵਸਨੀਕਾਂ ਨੂੰ ਬਹੁਤ ਸਮੱਸਿਆਵਾਂ ਆ ਰਹੀਆਂ ਹਨ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਦੀ ਹਾਊਸਿੰਗ ਡਿਵੈੱਲਪਮੈਂਟ ਨੀਤੀ 2018 ਅਨੁਸਾਰ ਜਿਨ੍ਹਾਂ ਕਲੋਨੀਆਂ ਵਿੱਚ 55 ਫ਼ੀਸਦ ਤੋਂ ਵੱਧ ਆਬਾਦੀ ਹੈ, ਉਨ੍ਹਾਂ ਵਿੱਚ ਸਥਾਨਕ ਤੌਰ ’ਤੇ ਅਥਾਰਟੀ ਨਗਰ ਕੌਂਸਲ ਜਾਂ ਗਮਾਡਾ ਆਪਣੇ ਪੱਧਰ ’ਤੇ ਲੋਕਾਂ ਦੀ ਸਹੂਲਤ ਲਈ ਕੰਮ ਕਰ ਸਕਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਿੰਨਾ ਸਮਾਂ ਸਰਕਾਰੀ ਅਧਿਕਾਰ ਅਧੀਨ ਲੈਣ ਦਾ ਫੈਸਲਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮੁੱਖ ਮੰਤਰੀ ਸਥਾਨਕ ਅਧਿਕਾਰੀਆਂ ਨੂੰ ਇਸ ਨੀਤੀ ਅਨੁਸਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਜਿਵੇਂ ਸੜਕਾਂ, ਪਾਣੀ ਦੀ ਨਿਕਾਸੀ ਦਾ ਪ੍ਰਬੰਧ, ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਪਾਰਕਾਂ ਦੀ ਦੇਖ-ਰੇਖ ਆਦਿ ਦੇ ਕੰਮ ਨਗਰ ਕੌਂਸਲ ਨੂੰ ਕਰਨ ਦੀ ਹਦਾਇਤ ਕੀਤੀ ਜਾਵੇ।
