ਹੁਸ਼ਿਆਰਪੁਰ ਤੋਂ ਬਰੂਵਾਲ ਪੁੱਜੇ ਪਰਵਾਸੀਆਂ ਦਾ ਵਿਰੋਧ
ਲੋਕਾਂ ਨੇ ਦੋਸ਼ ਲਾਇਆ ਕਿ ਇਨ੍ਹਾਂ ਪਰਵਾਸੀਆਂ ਨੇ ਆਪਣੇ ਪਤੇ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨੂਰਪੁਰ ਬੇਦੀ ਦੇ ਕਾਹਨਪੁਰ ਪਿੰਡ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ, ਪਰ ਕੋਈ ਦਸਤਾਵੇਜ਼ ਜਾਂ ਆਧਾਰ ਕਾਰਡ ਨਹੀਂ ਦਿਖਾਇਆ।
ਦੱਸਣਯੋਗ ਹੈ ਕਿ ਪੁਲੀਸ ਵੱਲੋਂ ਪੁੱਛਗਿੱਛ ਦੌਰਾਨ ਪ੍ਰਵਾਸੀਆਂ ਨੇ ਖੁਦ ਕਬੂਲਿਆ ਕਿ ਹਾਲਾਂਕਿ ਇਸ ਵੇਲੇ ਉਨ੍ਹਾਂ ਦੀ ਗਿਣਤੀ ਲਗਭਗ 20 ਹੈ, ਪਰ ਉਨ੍ਹਾਂ ਦੇ ਨਾਲ ਜੁੜੇ ਹੋਰ ਕਰੀਬ 150 ਵਿਅਕਤੀ ਵੀ ਇੱਥੇ ਆ ਕੇ ਰਿਹਾਇਸ਼ ਬਣਾਉਣ ਵਾਲੇ ਸਨ, ਇਸ ਖੁਲਾਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਚਿੰਤਾ ਹੋਰ ਵੱਧ ਗਈ। ਗੌਰਤਲਬ ਹੈ ਕੇ ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਇੱਕ ਪਰਵਾਸੀ ਵੱਲੋਂ ਬੱਚੇ ਨਾਲ ਸਰੀਰਕ ਸ਼ੋਸ਼ਣ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ਵਿੱਚ ਪ੍ਰਵਾਸੀਆਂ ਦੇ ਖ਼ਿਲਾਫ਼ ਰੋਸ ਵੱਧ ਰਿਹਾ ਹੈ।
ਸਥਾਨਕ ਜ਼ਮੀਨ ਮਾਲਕਾਂ ਵੱਲੋਂ ਪੁਲੀਸ ਨੂੰ ਸੂਚਿਤ ਕਰਨ ’ਤੇ ਪਰਵਾਸੀਆਂ ਦੀਆਂ ਝੁੱਗੀਆਂ ਹਟਵਾ ਦਿੱਤੀਆਂ ਗਈਆਂ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਪੰਚਾਇਤ ਵੱਲੋਂ ਮਤਾ ਪਾਸ ਕਰਵਾਉਣਗੇ ਤਾਂ ਜੋ ਬਿਨਾਂ ਕਿਸੇ ਪੁਖਤਾ ਜਾਣਕਾਰੀ ਵਾਲੇ ਲੋਕਾਂ ਨੂੰ ਖੁੱਲ੍ਹੇ ਇਲਾਕਿਆਂ ਵਿੱਚ ਵਸਣ ਨਾ ਦਿੱਤਾ ਜਾਵੇ।