ਸੀ ਟੀ ਯੂ ਦੇ ਬਰਖ਼ਾਸਤ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ ਟੀ ਯੂ) ਅਧੀਨ ਚਲਾਈਆਂ ਜਾਣ ਵਾਲੀਆਂ ਲੋਕਲ ਬੱਸਾਂ ਦੇ ਬਰਖ਼ਾਸਤ ਡਰਾਈਵਰਾਂ ਨੇ ਅੱਜ ਉਦਯੋਗਿਕ ਖੇਤਰ ਸਥਿਤ ਡਿਪੂ ਨੰਬਰ 2 ’ਚ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਲੋਕਲ ਰੂਟਾਂ ਦੀਆਂ ਬੱਸਾਂ ਨੂੰ ਡਿੱਪੂ ਤੋਂ ਬਾਹਰ ਨਿਕਲਣ ਤੋਂ ਰੋਕਿਆ, ਜਿਸ ਕਰਕੇ ਕੁਝ ਰੂਟਾਂ ਦੀ ਬੱਸ ਸੇਵਾ ਪ੍ਰਭਾਵਿਤ ਹੋਈ। ਬਰਖ਼ਾਸਤ ਕੀਤੇ ਡਰਾਈਵਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਹਿਲਾਂ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਮਨ੍ਹਾ ਕਰ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਨੇ ਸੀ ਟੀ ਯੂ ਅਧੀਨ ਚਲਾਈਆਂ ਜਾਣ ਵਾਲੀਆਂ 85 ਬੱਸਾਂ ਬੰਦ ਕਰ ਦਿੱਤੀਆਂ ਹਨ, ਜਿਨ੍ਹਾਂ ਥਾਂ ਨਵੀਆਂ ਇਲੈੱਕਟ੍ਰਿਕ ਬੱਸਾਂ ਪਾਈਆਂ ਜਾ ਰਹੀਆਂ ਹਨ। ਪੁਰਾਣੀਆਂ ਬੱਸਾਂ ’ਤੇ ਕੰਮ ਕਰਨ ਵਾਲੇ ਡਰਾਈਵਰਾਂ ਨੂੰ ਸ਼ੁਰੂ ਵਿੱਚ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਵੀਆਂ ਬੱਸਾਂ ਜਾਂ ਲੰਬੇ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਵਿੱਚ ਰੱਖਿਆ ਜਾਵੇਗਾ। ਇਸ ਦੇ ਬਾਵਜੂਦ ਇਨ੍ਹਾਂ 120 ਡਰਾਈਵਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਡਰਾਈਵਰ ਯੂਨੀਅਨ ਦੇ ਪ੍ਰਧਾਨ ਬਲਰਾਜ ਕੁਮਾਰ ਨੇ ਕਿਹਾ ਕਿ ਲੋਕਲ ਬੱਸਾਂ ਦੀਆਂ ਨੌਕਰੀਆਂ ਤੋਂ ਕੱਢੇ ਗਏ ਡਰਾਈਵਰ ਪਿਛਲੇ ਕਰੀਬ ਡੇਢ ਦਹਾਕੇ ਤੋਂ ਕੰਮ ਕਰ ਰਹੇ ਸਨ।
ਯੂਟੀ ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਭੇਜੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਸਿਟੀ ਬੱਸ ਸਰਵਿਸ ਸੁਸਾਇਟੀ ਦੇ ਆਊਟਸੋਰਸਡ ਕਰਮਚਾਰੀਆਂ ਵੱਲੋਂ ਹੜਤਾਲ ਜਾਂ ਧਰਨੇ ਦੇ ਦਿੱਤੇ ਗਏ ਸੱਦੇ ਕਰਕੇ ਪਹਿਲਾਂ ਤੋਂ ਹੀ ‘ਐਸਮਾ (ਜ਼ਰੂਰੀ ਸੇਵਾਵਾਂ ਰੱਖ-ਰਖਾਅ) ਐਕਟ’ ਲਾਗੂ ਕੀਤਾ ਜਾ ਚੁੱਕਿਆ ਸੀ। ਐਸਮਾ ਐਕਟ ਦੀ ਉਲੰਘਣਾ ਤਹਿਤ ਹੜਤਾਲ ਜਾਂ ਧਰਨਾ-ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਆਊਟਸੋਰਸਡ ਕਰਮਚਾਰੀਆਂ ਦੀਆਂ ਸੇਵਾਵਾਂ ਸਬੰਧਿਤ ਆਊਟਸੋਰਸਿੰਗ ਏਜੰਸੀ ਨੂੰ ਨਿਰਦੇਸ਼ ਦੇ ਕੇ ਸਮਾਪਤ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਬੱਸ ਅਪਰੇਟਰਾਂ ਵੱਲੋਂ ਤਇਨਾਤ ਡਰਾਈਵਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜੋ ਇਸ ਹੜਤਾਲ ਵਿੱਚ ਸ਼ਾਮਲ ਸਨ।
