ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਰੂ-ਘਰ ਲਈ ਜ਼ਮੀਨ ਅਲਾਟ ਨਾ ਕਰਨ ਖ਼ਿਲਾਫ਼ ਸੰਗਤ ’ਚ ਰੋਸ

ਮੁੱਖ ਮੰਤਰੀ ਦਾ ਨਿੱਜੀ ਦਖ਼ਲ ਮੰਗਿਆ; ਲੋੜੀਂਦੀ ਜ਼ਮੀਨ ਅਲਾਟ ਕਰਨ ਦੀ ਮੰਗ
ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਸੁਸਾਇਟੀ ਦੇ ਮੈਂਬਰ।
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 4 ਜੂਨ

Advertisement

ਗਮਾਡਾ ਦੀ ਚੁੱਪੀ ਦੇ ਚੱਲਦਿਆਂ ਇੱਥੋਂ ਦੇ ਸੈਕਟਰ-89 ਵਿੱਚ ਜ਼ਮੀਨ ਦੀ ਅਲਾਟਮੈਂਟ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਸੁਸਾਇਟੀ ਅਤੇ ਬੜੂ ਸਾਹਿਬ ਦੇ ਪ੍ਰਬੰਧਕਾਂ ਦਰਮਿਆਨ ਵਿਵਾਦ ਛਿੜ ਗਿਆ ਹੈ। ਗੁਰਦੁਆਰਾ ਕਮੇਟੀ ਦੇ ਮੈਂਬਰ ਇਹ ਜਗ੍ਹਾ ਗੁਰੂ-ਘਰ ਲਈ ਮੰਗ ਰਹੇ ਹਨ ਜਦੋਂਕਿ ਗਮਾਡਾ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪਹਿਲਾਂ ਬੜੂ ਸਾਹਿਬ ਵਾਲਿਆਂ ਨੇ ਜ਼ਮੀਨ ਪ੍ਰਾਪਤੀ ਲਈ ਅਰਜ਼ੀ ਦਿੱਤੀ ਹੋਈ ਹੈ। ਉਧਰ, ਸੈਕਟਰ-89 ਵਿੱਚ ਗੁਰਦੁਆਰਾ ਸਾਹਿਬ ਲਈ ਮੰਗੀ ਜਾ ਰਹੀ ਜ਼ਮੀਨ ਵਿੱਚ ਟੈਂਟ ਲਗਾ ਕੇ ਸੰਗਤ ਨੇ ਗੁਰਦੁਆਰਾ ਸਿੰਘ ਸਭਾ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਅਤੇ ਸੈਕਟਰੀ ਦੀਦਾਰ ਸਿੰਘ ਦੀ ਦੇਖ-ਰੇਖ ਵਿੱਚ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਸਬੰਧੀ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਉਣ ਉਪਰੰਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸੈਕਟਰ-88 ਅਤੇ ਸੈਕਟਰ-89 ਦੀ ਸੰਗਤ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਗੁਰੂ-ਘਰ ਲਈ ਮੰਗੀ ਜਾ ਰਹੀ ਜ਼ਮੀਨ ਗਮਾਡਾ ਵੱਲੋਂ ਦੂਜੀ ਸੰਸਥਾ ਨੂੰ ਪਹਿਲ ਦੇਣ ਬਾਰੇ ਵਿਚਾਰ ਕਰਨ ਨੂੰ ਲੈ ਕੇ ਸੰਗਤ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਹਾਜ਼ਰ ਸੰਗਤ ਨੇ ਗਮਾਡਾ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਲਈ ਛੱਡੀ ਰਾਖਵੀਂ ਜਗ੍ਹਾ ਨੂੰ ਏਜੰਡੇ ਵਿੱਚ ਪਾ ਕੇ ਜਲਦੀ ਅਲਾਟਮੈਂਟ ਕੀਤੀ ਜਾਵੇ ਤਾਂ ਜੋ ਇੱਥੇ ਗੁਰਦੁਆਰਾ ਸਿੰਘ ਸਭਾ ਦੀ ਆਲੀਸ਼ਾਨ ਇਮਾਰਤ ਬਣਾਈ ਜਾ ਸਕੇ। ਗੁਰਮੁਖ ਸਿੰਘ ਅਤੇ ਦੀਦਾਰ ਸਿੰਘ ਨੇ ਦੱਸਿਆ ਕਿ ਸੈਕਟਰ-89 ਵਿੱਚ ਮੰਦਰ ਅਤੇ ਚਰਚ ਨੂੰ ਪਹਿਲਾਂ ਹੀ ਜ਼ਮੀਨ ਅਲਾਟ ਕੀਤੀ ਜਾ ਚੁੱਕੀ ਹੈ, ਜਦੋਂਕਿ ਗੁਰੂ-ਘਰ ਲਈ ਜ਼ਮੀਨ ਅਲਾਟ ਕਰਨ ਤੋਂ ਗਮਾਡਾ ਹੱਥ ਪਿੱਛੇ ਖਿੱਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਨੇ 2021 ਵਿੱਚ ਧਾਰਮਿਕ ਸਥਾਨਾਂ ਲਈ ਜਗ੍ਹਾ ਲੈਣ ਲਈ ਪਬਲਿਕ ਨੋਟਿਸ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਸਨ। ਉਦੋਂ ਇੱਥੇ ਆਬਾਦੀ ਨਾ-ਮਾਤਰ ਸੀ ਅਤੇ ਕਰੋਨਾ ਕਾਲ ਚੱਲ ਰਿਹਾ ਸੀ, ਜਿਸ ਕਾਰਨ ਸੰਗਤ ਨੇ ਜ਼ਮੀਨ ਲਈ ਅਪਲਾਈ ਨਹੀਂ ਕੀਤਾ ਪਰ ਬੜੂ ਸਾਹਿਬ ਵਾਲਿਆਂ ਨੇ ਅਰਜ਼ੀ ਦੇ ਦਿੱਤੀ। ਹੁਣ ਜਦੋਂ ਇੱਥੇ ਆਬਾਦੀ ਹੋ ਗਈ ਹੈ ਤਾਂ ਉਹ ਪਿੱਛੇ ਦੋ ਸਾਲ ਤੋਂ ਲਗਾਤਾਰ ਗਮਾਡਾ ਦੇ ਹਾੜੇ ਕੱਢਦੇ ਆ ਰਹੇ ਹਨ। ਇਸ ਸਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਕਈ ਅਰਜ਼ੀਆਂ ਦਿੱਤੀਆਂ ਗਈਆਂ ਹਨ ਅਤੇ ‘ਆਪ’ ਵਿਧਾਇਕ ਕੁਲਵੰਤ ਸਿੰਘ ਦਾ ਵੀ ਬੂਹਾ ਖੜਕਾਇਆ ਜਾ ਚੁੱਕਾ ਹੈ। ਹਾਲਾਂਕਿ, ਵਿਧਾਇਕ ਸੰਗਤ ਦੇ ਹੱਕ ਵਿੱਚ ਹਨ ਪਰ ਇਸ ਦੇ ਬਾਵਜੂਦ ਗਮਾਡਾ ਗੁਰੂ-ਘਰ ਲਈ ਲੋੜੀਂਦੀ ਜਗ੍ਹਾ ਅਲਾਟ ਨਹੀਂ ਕਰ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਗਮਾਡਾ ਨੇ ਜ਼ਮੀਨ ਅਲਾਟ ਸਬੰਧੀ ਹੋਰ ਦੇਰੀ ਕੀਤੀ ਤਾਂ ਗੁਰਦੁਆਰਾ ਸਿੰਘ ਸਭਾ ਸੁਸਾਇਟੀ ਗਮਾਡਾ ਦਫ਼ਤਰ ਅੱਗੇ ਧਰਨਾ ਦੇਵੇਗੀ।

Advertisement