ਬੱਸ ਕਾਮਿਆਂ ਉੱਪਰ ਤਸ਼ੱਦਦ ਦਾ ਵਿਰੋਧ
ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੰਘਰਸ਼ ਦੌਰਾਨ ਸਰਕਾਰ ਵੱਲੋਂ ਪੁਲੀਸ ਪ੍ਰਸ਼ਾਸਨ ਰਾਹੀਂ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਤੇ ਖਿੱਚ-ਧੂਹ ਕਰਨ ਦੀ ਪੰਜਾਬ ਸਿਵਲ ਸਕੱਤਰੇਤ ਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਸਿਵਲ ਸਕੱਤਰੇਤ ਅਤੇ ਸਮੂਹ ਡਾਇਰੈਕਟੋਰੇਟਾਂ ਦੇ ਅਹੁਦੇਦਾਰਾਂ ਨੇ ਸੈਕਟਰ-17 ਚੰਡੀਗੜ੍ਹ ਵਿੱਚ ਮੀਟਿੰਗ ਕੀਤੀ। ਟਰਾਂਸਪੋਰਟ ਵਿਭਾਗ ਤੋਂ ਮੁਲਾਜ਼ਮ ਆਗੂ ਹਰਨੇਕ ਸਿੰਘ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਯੂਨੀਅਨ ਆਗੂਆਂ ਨੇ ਪਨਬੱਸ ਅਤੇ ਪੀ ਆਰ ਟੀ ਸੀ ਦੇ ਆਊਟਸੋਰਸਡ ਅਤੇ ਕੰਟਰੈਕਟ ਕਾਮਿਆਂ ’ਤੇ ਸਰਕਾਰ ਨੇ ਅਣਮਨੁੱਖੀ ਤਸ਼ੱਦਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਧਰਨਿਆਂ ਵਿੱਚੋਂ ਨਿਕਲ਼ੀ ਹੋਈ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਇਨ੍ਹਾਂ ਆਊਟਸੋਰਸਡ/ਕੰਟਰੈਕਟ ਅਤੇ ਹੋਰ ਕੱਚੇ ਕਾਮਿਆਂ ਨੇ ਭੂਮਿਕਾ ਨਿਭਾਈ ਸੀ ਪਰ ਹੁਣ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਟਰਾਂਸਪੋਰਟ ਵਿਭਾਗ ਦੇ ਉਕਤ ਕੱਚੇ ਕਾਮਿਆਂ ਨੂੰ ਤੁਰੰਤ ਬਿਨਾਂ ਸ਼ਰਤ ਤੋਂ ਡਿਊਟੀ ’ਤੇ ਲਿਆ ਜਾਵੇ ਤੇ ਮੰਗਾਂ ਮੰਨੀਆਂ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਰੰਧਾਵਾ, ਸੁਸ਼ੀਲ ਫੌਜੀ, ਸਾਹਿਲ ਸ਼ਰਮਾ, ਰੰਜੀਵ ਸ਼ਰਮਾ, ਐੱਫ ਸੀ ਆਰ ਤੋਂ ਸਿਕੰਦਰ ਸਿੰਘ ਆਦਿ ਵੀ ਹਾਜ਼ਰ ਸਨ।
