ਫਲਸਤੀਨ ’ਚ ਲੋਕਾਂ ’ਤੇ ਹੋ ਰਹੇ ਜ਼ੁਲਮ ਦਾ ਵਿਰੋਧ
ਦਰਸ਼ਨ ਸਿੰਘ ਸੋਢੀ/ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 17 ਜੂਨ
ਇਜ਼ਰਾਈਲ ਵੱਲੋਂ ਫ਼ਲਸਤੀਨ ਅੰਦਰ ਆਮ ਨਾਗਰਿਕਾਂ ਤੇ ਬੱਚਿਆਂ ’ਤੇ ਕੀਤੇ ਜਾ ਰਹੇ ਜੁਲਮ ਖ਼ਿਲਾਫ਼ ਅੱਜ ਮੁਹਾਲੀ ਵਿੱਚ ਇਨਸਾਫ਼ਪਸੰਦ ਜਥੇਬੰਦੀਆਂ ਅਤੇ ਲੋਕਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਹਮਣੇ ਏਅਰਪੋਰਟ ਸੜਕ ਕਿਨਾਰੇ ਲੋਕਾਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਪ੍ਰਦਰਸ਼ਨ ਕੀਤਾ। ਤਖ਼ਤੀਆਂ ’ਤੇ ‘ਫ਼ਲਸਤੀਨੀਆਂ ਦਾ ਨਸਲ ਘਾਤ ਤੇ ਉਜਾੜਾ ਬੰਦ ਕਰੋ’ ਇਜ਼ਰਾਈਲ-ਅਮਰੀਕਾ ਜੰਗਵਾਦ ਜੁੰਡਲੀ ਮੁਰਦਾਬਾਦ’ ‘ਸੰਸਾਰ ਅਮਨ ਦੀ ਕਾਇਮੀ ਦਾ ਲੋਕ ਯੁੱਧ ਪ੍ਰਚੰਡ ਕਰੋ’ ਆਦਿ ਨਾਅਰੇ ਲਿਖੇ ਹੋਏ ਸਨ। ਇਸ ਰੋਸ ਪ੍ਰਦਰਸ਼ਨ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕਾਰਕੁਨਾਂ ਸਮੇਤ ਪਿੰਡ ਸੋਹਾਣਾ, ਸੈਕਟਰ-76 ਤੋਂ 80 ਅਤੇ ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਨਸਾਫ਼ਪਸੰਦ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੀ ਅਗਵਾਈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ।
ਇਸ ਮੌਕੇ ਆਰਐੱਮਪੀਆਈ ਦੇ ਆਗੂ ਸੱਜਣ ਸਿੰਘ ਮੁਹਾਲੀ, ਮੇਜਰ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ, ਵਿਜੈ ਸਿੰਘ, ਬਲਵੀਰ ਸਿੰਘ ਸੈਣੀ, ਸਤੀਸ਼ ਖੋਸਲਾ, ਰਾਮ ਕ੍ਰਿਸ਼ਨ ਧੁਨਕਿਆ, ਅਜਮੇਰ ਸਿੰਘ ਲੌਂਗੀਆਂ, ਸੁਰੇਸ਼ ਕੁਮਾਰ ਠਾਕਰ, ਮਨਪ੍ਰੀਤ ਸਿੰਘ ਗੋਸਲਾ ਅਤੇ ਇੰਦਰਜੀਤ ਗਰੇਵਾਲ ਨੇ ਕਿਹਾ ਕਿ ਸੰਸਾਰ ਧਾੜਵੀ ਅਮਰੀਕਾ, ਇਜ਼ਰਾਈਲ ਅਤੇ ਉਸ ਦੇ ਜੁੰਡੀਦਾਰਾਂ ਵੱਲੋਂ ਫ਼ਲਸਤੀਨੀਆਂ ਉੱਤੇ ਜੋ ਅੱਤਿਆਚਾਰ ਕੀਤਾ ਜਾ ਰਿਹਾ ਹੈ, ਉਸ ਦੀ ਦੁਨੀਆਂ ਭਰ ਦੇ ਅਮਨਪਸੰਦਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਲਸਤੀਨ ਅੰਦਰ ਮਾਸੂਮ ਬੱਚਿਆਂ ’ਤੇ ਜੁਲਮ ਢਾਹਿਆ ਜਾ ਰਿਹਾ ਹੈ। ਬੁਲਾਰਿਆਂ ਨੇ ਅਮਰੀਕਾ, ਇਜ਼ਰਾਈਲ ਵਿਰੁੱਧ ਨਾਅਰੇ ਲਗਾਏ ਅਤੇ ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕਾਂ ਨੂੰ ਫ਼ਲਸਤੀਨ ਦਾ ਸਾਥ ਦੇਣ ਦੀ ਅਪੀਲ ਕੀਤੀ। ਅਖੀਰ ਵਿੱਚ ਸਾਥੀ ਇੰਦਰਜੀਤ ਗਰੇਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।