ਰੋਜ਼ ਫੈਸਟੀਵਲ ਦੇ ਉਦਘਾਟਨ ਮੌਕੇ ਨਿਗਮ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਚੰਡੀਗੜ੍ਹ, 21 ਫ਼ਰਵਰੀ
ਚੰਡੀਗੜ੍ਹ ਨਗਰ ਨਿਗਮ ਦੇ ਟੈਂਡਰਾਂ ਰਾਹੀਂ ਅਲਾਟਮੈਂਟ ਉਪਰੰਤ ਕੰਮ ਕਰਨ ਵਾਲੇ ਪ੍ਰਾਈਵੇਟ ਠੇਕੇਦਾਰਾਂ ਨੇ ਆਪਣੇ ਕੀਤੇ ਕੰਮਾਂ ਦੀ ਪੇਮੈਂਟ ਦਾ ਭੁਗਤਾਨ ਨਾ ਹੋਣ ਕਰਕੇ ਅੱਜ ਰੋਜ਼ ਫੈਸਟੀਵਲ ਦੇ ਉਦਘਾਟਨ ਮੌਕੇ ਰੋਸ ਪ੍ਰਦਰਸ਼ਨ ਕੀਤਾ। ਭਾਵੇਂ ਪ੍ਰਦਰਸ਼ਨ ਸ਼ਾਂਤਮਈ ਸੀ ਪਰ ਇਸ ਦੀ ਭਿਣਕ ਪੈਂਦਿਆਂ ਹੀ ਚੰਡੀਗੜ੍ਹ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਠੇਕੇਦਾਰ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ 39 ਦੇ ਪੁਲੀਸ ਸਟੇਸ਼ਨ ਪਹੁੰਚਾ ਦਿੱਤਾ ਗਿਆ।
ਠੇਕੇਦਾਰ ਯੂਨੀਅਨ ਦੇ ਪ੍ਰਧਾਨ ਹਰੀਸ਼ੰਕਰ ਮਿਸ਼ਰਾ ਅਤੇ ਮਯੰਕ ਸ਼ਰਮਾ ਨੇ ਦੱਸਿਆ ਕਿ ਚੰਡੀਗੜ੍ਹ ਨਗਰ ਨਿਗਮ ਪਿਛਲੇ ਲਗਪਗ 7-8 ਮਹੀਨਿਆਂ ਤੋਂ ਆਪਣੇ ਠੇਕੇਦਾਰਾਂ ਵੱਲੋਂ ਕੀਤੇ ਕੰਮਾਂ ਦੇ ਕਰੋੜਾਂ ਰੁਪਇਆਂ ਦੇ ਬਿਲਾਂ ਦਾ ਭੁਗਤਾਨ ਕਰਨ ਵਿੱਚ ਅਸਮਰਥ ਰਿਹਾ ਹੈ। ਇਸ ਕਰਕੇ ਠੇਕੇਦਾਰ ਆਪਣੇ ਵਰਕਰਾਂ ਨੂੰ ਤਨਖਾਹਾਂ ਦੇਣ ਸਮੇਤ ਹੋਰ ਕਈ ਤੰਗੀ ਝੱਲਣੀ ਪੈ ਰਹੀ ਹੈ। ਇੱਥੋਂ ਤੱਕ ਕਿ ਠੇਕੇਦਾਰਾਂ ਦੀ ਸਕਿਊਰਿਟੀ ਅਤੇ ਪਰਫਾਰਮੈਂਸ ਗਾਰੰਟੀ ਦੀ ਰਾਸ਼ੀ ਵੀ ਵਾਪਸ ਨਹੀਂ ਕੀਤੀ ਜਾ ਰਹੀ। ਯੂਨੀਅਨ ਆਗੂਆਂ ਨੇ ਨਿਗਮ ਅਧਿਕਾਰੀਆਂ ’ਤੇ ਵਰ੍ਹਦਿਆਂ ਕਿਹਾ ਕਿ ਜਦੋਂ ਠੇਕੇਦਾਰਾਂ ਦਾ ਭੁਗਤਾਨ ਕਰਨ ਦੀ ਵਾਰੀ ਆਉਂਦੀ ਹੈ ਤਾਂ ਨਿਗਮ ਆਰਥਿਕ ਤੰਗੀ ਦਾ ਬਹਾਨਾ ਬਣਾਉਂਦਾ ਹੈ। ਠੇਕੇਦਾਰ ਯੂਨੀਅਨ ਨੇ ਇਸ ਸਬੰਧ ਵਿੱਚ ਕਮਿਸ਼ਨਰ ਨਗਰ ਨਿਗਮ ਨਾਲ ਵੀ ਮੁਲਾਕਾਤ ਕੀਤੀ ਸੀ ਪਰ ਹਾਲੇ ਤੱਕ ਭੁਗਤਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਦੇ ਵਾਰ-ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਲੇ ਇਨ੍ਹਾਂ ਠੇਕੇਦਾਰਾਂ ਦਾ ਭੁਗਤਾਨ ਨਾ ਹੋਣ ਕਰਕੇ ਅੱਜ ਫੈਸਟੀਵਲ ਵਿੱਚ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਧਿਆਨ ਵਿੱਚ ਆਪਣਾ ਮਸਲਾ ਲਿਆਉਣ ਲਈ ਇਹ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਕ ਕੋਲੋਂ ਮੰਗ ਕੀਤੀ ਕਿ ਉਹ ਖ਼ੁਦ ਦਖ਼ਲ ਦੇ ਕੇ ਨਿਗਮ ਕੋਲੋਂ ਠੇਕੇਦਾਰਾਂ ਦੀ ਅਦਾਇਗੀ ਕਰਵਾਉਣ।