ਦਾਊਦਪੁਰ ’ਚ ਦਰਿਆ ਦੇ ਬੰਨ੍ਹ ਨੇੇੜੇ ਰੇਤੇ ਦੀ ਖੱਡ ਦਾ ਵਿਰੋਧ
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਦਾਊਦਪੁਰ ਨੇੜੇ ਪਿੰਡ ਮੁਲਾਣਾ (ਬੇਚਰਾਗ ਮੋਜਾ) ’ਚ ਸਤਲੁਜ ਦਰਿਆ ਵਿੱਚ ਮਾਈਨਿੰਗ ਵਿਭਾਗ ਵੱਲੋਂ ਰੇਤੇ ਦੀ ਸਰਕਾਰੀ ਖੱਡ ਸ਼ੁਰੂ ਕਰਨ ਦਾ ਇਲਾਕੇ ਦੇ ਲੋਕਾਂ ਨੇ ਸਖ਼ਤ ਵਿਰੋਧ ਕੀਤਾ, ਜਿਸ ਕਾਰਨ ਵਿਭਾਗੀ ਅਧਿਕਾਰੀਆਂ ਵੱਲੋਂ ਰੇਤ ਚੁੱਕਣ ਲਈ ਸੱਦੇ ਟਰੈਕਟਰ ਟਰਾਲੀ ਚਾਲਕਾਂ ਨੂੰ ਖਾਲੀ ਵਾਪਸ ਮੁੜਨਾ ਪਿਆ। ਇਸ ਦੌਰਾਨ ਮਾਈਨਿੰਗ ਵਿਭਾਗ ਦੇ ਐੱਸ ਡੀ ਓ ਨਿਸ਼ਾਂਤ ਕੁਮਾਰ ਨੇ ਕਾਰਜਕਾਰੀ ਇੰਜੀਨੀਅਰ ਨੂੰ ਮਾਈਨਿੰਗ ਸਾਈਟ ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ।
ਯੂਥ ਆਗੂ ਲਖਵੀਰ ਸਿੰਘ ਹਾਫਿਜ਼ਾਬਾਦ, ਖੁਸ਼ਇੰਦਰ ਸਿੰਘ ਕਾਕਾ, ਕਿਸਾਨ ਆਗੂ ਜਗੀਰ ਸਿੰਘ ਕਿਸਾਨ ਤੇ ਜੁਝਾਰ ਸਿੰਘ ਨੇ ਦੱਸਿਆ ਕਿ ਸਤੰਬਰ ਮਹੀਨੇ ਸਤਲੁਜ ਦਰਿਆ ’ਚ ਵਧੇ ਪਾਣੀ ਨੇ ਪਿੰਡ ਦਾਊਦਪੁਰ ਨੇੜੇ ਦਰਿਆ ਦੇ ਬੰਨ੍ਹ ਨੂੰ ਢਾਹ ਲਾਈ ਸੀ, ਜਿਸ ਨੂੰ ਵੱਡੀ ਗਿਣਤੀ ’ਚ ਲੋਕਾਂ ਨੇ ਟੁੱਟਣ ਤੋਂ ਬਚਾਇਆ ਸੀ। ਮਾਈਨਿੰਗ ਵਿਭਾਗ ਹੁਣ ਫੇਰ ਉਸੇ ਥਾਂ ’ਤੇ ਰੇਤੇ ਦੀ ਨਿਕਾਸੀ ਸ਼ੁਰੂ ਕਰਨ ਲੱਗਾ ਸੀ, ਜਿਸ ਦੀ ਭਿਣਕ ਲੱਗਣ ’ਤੇ ਇਲਾਕਾ ਵਾਸੀਆਂ ਨੇ ਮੌਕੇ ’ਤੇ ਇਕੱਠੇ ਹੋ ਕੇ ਵਿਭਾਗ ਦੇ ਜੇ ਈ ਤੇ ਬੇਲਦਾਰ ਦਾ ਸਖਤ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਐੱਸ ਡੀ ਓ ਨਿਸ਼ਾਂਤ ਕੁਮਾਰ ਨੂੰ ਮੌਕੇ ’ਤੇ ਬੁਲਾਇਆ। ਰੇਤ ਭਰਨ ਲਈ ਟਰੈਕਟਰ ਟਰਾਲੀਆਂ ਲੈ ਕੇ ਪੁੱਜੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਈਨਿੰਗ ਵਿਭਾਗ ਦੇ ਜੇ ਈ ਵੱਲੋਂ ਰੇਤ ਦੀ ਖੱਡ ਸ਼ੁਰੂ ਕਰਨ ਸਬੰਧੀ ਸੂਚਿਤ ਕਰਕੇ ਇੱਥੇ ਬੁਲਾਇਆ ਗਿਆ ਹੈ। ਆਗੂਆਂ ਨੇ ਦੱਸਿਆ ਕਿ ਇਸ ਥਾਂ ਤੋਂ ਰੇਤੇ ਦੀ ਨਿਕਾਸੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਲਈ ਚਮਕੌਰ ਸਾਹਿਬ ਮੋਰਚਾ ਤੇ ਇਲਾਕਾ ਵਾਸੀਆਂ ਵੱਲੋਂ ਸਰਕਾਰ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਸਨ। ਇਸ ਦੇ ਬਾਵਜੂਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਉਸੇ ਜਗ੍ਹਾ ਤੋਂ ਰੇਤੇ ਦੀ ਨਿਕਾਸੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਬੰਨ੍ਹ ਤੋਂ ਡੇਢ ਕਿਲੋਮੀਟਰ ਦੀ ਦੂਰ ਰੇਤੇ ਦੀ ਖੱਡ ਚਾਲੂ ਕਰਨ ’ਚ ਆਨਾਕਾਨੀ ਕਰ ਰਹੇ ਹਨ। ਮਾਈਨਿੰਗ ਵਿਭਾਗ ਦੇ ਐੱਸ ਡੀ ਓ ਨਿਸ਼ਾਂਤ ਕੁਮਾਰ ਵੱਲੋਂ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਲਿਖੇ ਪੱਤਰ ’ਚ ਦੱਸਿਆ ਕਿ ਬੰਨ੍ਹ ਨੇੜਲੀ ਜ਼ਮੀਨ, ਦਰਿਆ ਵੱਲ ਦੀ ਜ਼ਮੀਨ ਨਾਲੋਂ ਨੀਵੀਂ ਹੈ ਅਤੇ ਬਰਸਾਤਾਂ ਦੌਰਾਨ ਹੜ੍ਹ ਆਉਣ ਕਾਰਨ ਖੱਡ ਨੇੜੇ ਲੱਗਦੇ ਬੰਨ੍ਹ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਦੇ ਲੋਕਾਂ ਨੂੰ ਉਕਤ ਥਾਂ ’ਤੇ ਰੇਤੇ ਦੀ ਖੱਡ ਮਨਜ਼ੂਰ ਨਹੀਂ ਹੈ ਤਾਂ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਤੇ ਪੰਜਾਬ ਸਰਕਾਰ ਨੂੰ ਜਾਣੂ ਕਰਾਉਣਗੇ।
