ਆਯੂਸ਼ਮਾਨ ਅਰੋਗਿਆ ਕੇਂਦਰ ’ਚੋਂ ਬੈੱਡ ਚੁੱਕਣ ਦਾ ਵਿਰੋਧ
ਸੰਜੀਵ ਬੱਬੀ
ਚਮਕੌਰ ਸਾਹਿਬ, 20 ਜੂਨ
ਸਥਾਨਕ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਪਿੰਡ ਅਮਰਾਲੀ ਦੇ ਆਯੂਸ਼ਮਾਨ ਅਰੋਗਿਆ ਕੇਂਦਰ ਵਿੱਚੋਂ ਬੈੱਡ ਚੁੱਕ ਕੇ ਲਿਜਾਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਸਿਹਤ ਮੰਤਰੀ ਤੋਂ ਪਿੰਡ ਦੀ ਡਿਸਪੈਂਸਰੀ ਨੂੰ ਪਹਿਲਾਂ ਵਾਂਗ ਹੀ ਚਾਲੂ ਰੱਖਣ ਸਣੇ ਡਿਸਪੈਂਸਰੀ ਦੇ ਬੈੱਡ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ, ਕਿਸਾਨ ਆਗੂ ਕੇਹਰ ਸਿੰਘ ਅਤੇ ਸਾਬਕਾ ਪੰਚ ਤੇ ਬਲਾਕ ਕਾਂਗਰਸ ਮੋਰਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਅਮਰਾਲੀ ਤੇ ਨੇੜਲੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੀਐੱਚਸੀ ਖੋਲ੍ਹਿਆ ਗਿਆ ਸੀ। ਇੱਥੇ ਪਿੰਡ ਵਾਸੀਆਂ ਵੱਲੋਂ ਪਰਵਾਸੀ ਪੰਜਾਬੀਆਂ ਵੱਲੋਂ ਦਿੱਤੇ ਲੱਖਾਂ ਰੁਪਏ ਦੇ ਸਹਿਯੋਗ ਨਾਲ ਦਵਾਈਆਂ, ਮਸ਼ੀਨਾਂ ਤੇ ਐਂਬੂਲੈਂਸ ਦੀ ਸਹੂਲਤ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਿਰਫ਼ ਇਮਾਰਤ ਬਣਾ ਕੇ ਡਾਕਟਰੀ ਸਟਾਫ ਹੀ ਦਿੱਤਾ ਗਿਆ ਸੀ ਜਦੋਂਕਿ ਬਾਕੀ ਪ੍ਰਬੰਧ ਪਿੰਡ ਵਾਸੀਆਂ ਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਰਿਹਾ ਹੈ।
ਬੈੱਡ ਮੁਰੰਮਤ ਲਈ ਚੁੱਕੇ ਹਨ: ਐੱਸਐੱਮਓ
ਐੱਸਐੱਮਓ ਡਾ. ਗੋਬਿੰਦ ਟੰਡਨ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਸ-ਪਾਸ ਦੀਆਂ ਡਿਸਪੈਂਸਰੀਆਂ ਵਿੱਚ ਪਏ ਬੈਡਾਂ ਦੀ ਹਾਲਤ ਖ਼ਰਾਬ ਹੋਣ ਕਾਰਨ ਉਨ੍ਹਾਂ ਦੀ ਮੁਰੰਮਤ ਅਤੇ ਰੰਗ ਆਦਿ ਕਰਵਾ ਕੇ ਮੁੜ ਵਾਪਸ ਡਿਸਪੈਂਸਰੀਆਂ ਵਿੱਚ ਭੇਜ ਦਿੱਤੇ ਜਾਣਗੇ।