ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਵੇਚਣ ਦੀ ਤਜਵੀਜ਼ ਖ਼ਿਲਾਫ਼ ਰੋਸ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇੱਥੋਂ ਦੀ ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਨੂੰ ਵੇਚਣ ਦੀ ਤਿਆਰੀ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਆਰ ਟੀ ਆਈ ਤਹਿਤ ਮੰਡੀ ਬੋਰਡ ਤੋਂ ਇਸ ਮਾਮਲੇ ਦੀ ਜਾਣਕਾਰੀ ਮੰਗੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੁਹਾਲੀ ਦਾ ਬੱਸ ਅੱਡਾ ਬਰਬਾਦ ਕੀਤਾ ਗਿਆ ਤੇ ਹੁਣ ਮੁਹਾਲੀ ਦੀ ਇੱਕੋ ਇੱਕ ਮੰਡੀ ਨੂੰ ਵੇਚਣ ਦੀ ਤਜਵੀਜ਼ ਬਣਾਈ ਜਾ ਰਹੀ ਹੈ, ਜਿਸ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ, ਭਾਵੇਂ ਕਿ ਇਸ ਮਾਮਲੇ ਨੂੰ ਹਾਈਕੋਰਟ ਵਿਚ ਹੀ ਕਿਉਂ ਨਾ ਲਿਜਾਉਣਾ ਪਵੇ।
ਬੇਦੀ ਨੇ ਆਰ ਟੀ ਆਈ ਰਾਹੀਂ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਮੰਡੀ ਬੋਰਡ ਨੂੰ ਭੇਜੇ ਪੱਤਰ ਦੀ ਕਾਪੀ, ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਹੋਏ ਫੈਸਲੇ ਦੀਆਂ ਸ਼ਰਤਾਂ, ਰੇਹੜੀ ਫੜੀ ਪਾਰਕਿੰਗ ਠੇਕੇ ਨਾਲ ਜੁੜੀ ਆਮਦਨ ਦੀ ਵਿਸਥਾਰਕ ਜਾਣਕਾਰੀ, ਦੁਕਾਨਾਂ ਦੀ ਵਿਕਰੀ ਅਤੇ ਬਾਕੀ ਰਹਿੰਦੀਆਂ ਦੁਕਾਨਾਂ ਦੇ ਵੇਰਵੇ ਅਤੇ ਦੁਕਾਨਾਂ ਦੀ ਵਿਕਰੀ ਤੋਂ ਇਕੱਤਰ ਰਾਸ਼ੀ ਅਤੇ ਪਿਛਲੇ ਦੋ ਸਾਲਾਂ ਦੀ ਰੇਹੜੀ ਫੜੀ ਵਾਲਿਆਂ ਦੀ ਗਿਣਤੀ ਤੇ ਮਾਰਕੀਟ ਫੀਸ ਤੋਂ ਹੋਈ ਆਮਦਨ ਦੇ ਵੇਰਵੇ ਮੰਗੇ ਹਨ। ਉਨ੍ਹਾਂ ਕਿਹਾ ਕਿ ਇਹ ਮੰਡੀ ਏਸ਼ੀਆ ਦੀ ਸਭ ਤੋਂ ਵਧੀਆ ਏਅਰ ਕੰਡੀਸ਼ਨਡ ਮੰਡੀ ਹੈ ਅਤੇ ਇਸ ਨੂੰ ਸੁਧਾਰਨ ਦੀ ਥਾਂ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਚੰਡੀਗੜ੍ਹ ਸ਼ਹਿਰ ਵਿੱਚ, ਜਿੱਥੇ ਨਾ ਖੇਤੀ ਹੈ ਤੇ ਨਾ ਕਿਸਾਨੀ, ਉੱਥੇ ਮੰਡੀ ਇੰਨੀ ਕਾਮਯਾਬ ਹੋ ਸਕਦੀ ਹੈ ਤਾਂ ਮੁਹਾਲੀ ਵਿੱਚ ਕਿਉਂ ਨਹੀਂ? ਇੱਥੇ ਦੇ ਲੋਕਾਂ ਦੀ ਵੱਡੀ ਗਿਣਤੀ ਸਬਜ਼ੀਆਂ ਦੀ ਪੈਦਾਵਾਰ ਨਾਲ ਜੁੜੀ ਹੋਈ ਹੈ ਤੇ ਉਨ੍ਹਾਂ ਦੀ ਮਿਹਨਤ ਦੀ ਵਿਕਰੀ ਇੱਥੇ ਹੀ ਹੁੰਦੀ ਹੈ। ਜੇ ਇਹ ਮੰਡੀ ਵੇਚੀ ਗਈ ਤਾਂ ਲਗਪਗ 250 ਰੇਹੜੀ ਫੜ੍ਹੀ ਵਾਲਿਆਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਕੌਣ ਲਵੇਗਾ।