ਧਨਾਸ ਕੱਚੀ ਕਲੋਨੀ ਢਾਹੁਣ ਵਿਰੁੱਧ ਰੋਸ ਜ਼ਾਹਰ
ਪ੍ਰੇਮਪਾਲ ਚੌਹਾਨ ਨੇ ਕਿਹਾ ਕਿ ਧਨਾਸ ਕੱਚੀ ਕਲੋਨੀ ਵਿੱਚ ਲੋਕ ਕਈ ਦਹਾਕਿਆਂ ਤੋਂ ਰਹਿ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਯੂਟੀ ਪ੍ਰਸ਼ਾਸਨ ਸਾਲ 2006 ਦੇ ਆਧਾਰ ’ਤੇ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਦਾ ਬਾਇਓਮੈਟ੍ਰਿਕ ਸਰਵੇ ਕਰਵਾ ਕੇ ਲੋਕਾਂ ਨੂੰ ਮਕਾਨ ਅਲਾਟ ਕਰੇ। ਇਸ ਦੇ ਨਾਲ ਹੀ ਇਲਾਕੇ ਦੇ ਲੋਕਾਂ ਨੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਘੇਰਾਬੰਦੀ ਕਰਦਿਆਂ ਕਿਹਾ ਕਿ ਜਦੋਂ ਤੋਂ ਉਹ ਚੋਣ ਜਿੱਤੇ ਹਨ, ਉਦੋਂ ਤੋਂ ਇਲਾਕੇ ਦੇ ਲੋਕਾਂ ਦੀ ਮੰਗਾਂ ਨੂੰ ਇੱਕ ਵਾਰ ਵੀ ਸੁਣਨ ਲਈ ਨਹੀਂ ਆਏ ਹਨ। ਉਨ੍ਹਾਂ ਮੰਗ ਕੀਤੀ ਕਿ ਉਹ ਲੋਕਾਂ ਦੀਆਂ ਮੰਗਾਂ ਨੂੰ ਹੱਲ ਕਰਨ ਨਹੀਂ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ।
ਧਰਨਾਕਾਰੀਆਂ ਨੇ ਕਾਂਗਰਸ, ਭਾਜਪਾ ਤੇ ‘ਆਪ’ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੂੰ ਪੱਕੇ ਮਕਾਨ ਦਿਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਚੋਣਾਂ ਤੋਂ ਬਾਅਦ ਸਾਰੇ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਧਨਾਸ ਕੱਚੀ ਕਲੋਨੀ ਨੂੰ ਢਾਹਿਆ ਗਿਆ ਤਾਂ ਲੋਕਾਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕਲੋਨੀ ਦੀ ਪ੍ਰਧਾਨ ਬਾਲਾ, ਅਰੁਣ ਕੁਮਾਰ, ਤੇਜਪਾਲ, ਉਦੈਭਾਨ, ਰਾਜ ਦੁਲਾਰੀ, ਸੋਨੀਆ ਤੇ ਇਲਾਕੇ ਦੇ ਲੋਕ ਮੌਜੂਦ ਰਹੇ।