ਪੰਜਾਬ ਯੂਨੀਵਰਸਿਟੀ ’ਚ ਹਲਫ਼ਨਾਮੇ ਖ਼ਿਲਾਫ਼ ਪ੍ਰਦਰਸ਼ਨ
ਵਿਦਿਆਰਥੀਆਂ ਮੁਤਾਬਕ ਦੁਨੀਆ ਦੇ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਵਾਲੇ ਦੇਸ਼ ਦੀ ਪੀਯੂ ਅਥਾਰਿਟੀ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ’ਤੇ ਡਾਕਾ ਮਾਰ ਰਹੀ ਹੈ, ਭਾਵ ਕਿ ਵਿਦਿਆਰਥੀਆਂ ਨੂੰ ਦਾਖਿਲ ਕਰਨ ਵੇਲ਼ੇ ਉਨ੍ਹਾਂ ਤੋਂ ਹਲਫ਼ਨਾਮਾ ਲਿਆ ਜਾ ਰਿਹਾ ਹੈ ਕਿ ਉਹ ਕਿਸੇ ਵੀ ਧਰਨੇ, ਪ੍ਰਦਰਸ਼ਨ ਜਾਂ ਰੋਸ ਰੈਲੀ ਵਿੱਚ ਸ਼ਮੂਲੀਅਤ ਨਹੀਂ ਕਰਨਗੇ। ਅੱਜ ਕੈਮੀਕਲ ਵਿਭਾਗ ਵਿੱਚ ਵੀ ਵਿਦਿਆਰਥੀਆਂ ਤੋਂ ਧੱਕੇ ਨਾਲ਼ ਇਹ ਹਲਫ਼ਨਾਮੇ ਲਏ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਰਹੀ ਕਿ ਜਿਹੜੇ ਵਿਦਿਆਰਥੀ ਇਹ ਹਲਫ਼ਨਾਮਾ ਦੇਣ ਤੋਂ ਇਨਕਾਰੀ ਹਨ ਤਾਂ ਉਨ੍ਹਾਂ ਨੂੰ ਹੋਸਟਲ ਦੀ ਸਹੂਲਤ ਨਾ ਦੇਣ, ਹਾਜ਼ਰੀਆਂ ਪੂਰੀਆਂ ਕਰਨ ਅਤੇ ਪਲੇਸਮੈਂਟ ਕੈਂਪਾਂ ਵਿੱਚ ਸ਼ਾਮਲ ਨਾ ਹੋਣ ਦੇਣ ਵਰਗੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਯੂਆਈਸੀਈਟੀ ਦੇ ਚੇਅਰਪਰਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲ ਗਏ ਅਤੇ ਵਿਦਿਆਰਥੀਆਂ ਨੇ ਦਫ਼ਤਰ ਨੂੰ ਤਾਲ਼ਾ ਲਗਾ ਦਿੱਤਾ।
ਵਿਦਿਆਰਥੀਆਂ ਨੇ ਕਿਹਾ ਕਿ ਹਲਫ਼ਨਾਮੇ ਦੇ ਸ਼ੁਰੂ ਕੀਤੇ ਵਿਰੋਧ ਦੀ ਲਗਾਤਾਰਤਾ ਵਿੱਚ ਭਲਕੇ 30 ਸਤੰਬਰ ਨੂੰ ਸਟੂਡੈਂਟਸ ਸੈਂਟਰ ਜਾਂ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।