ਜਮਹੂਰੀਅਤ ਦੀ ਰੱਖਿਆ ਸਰਕਾਰਾਂ ਦਾ ਫ਼ਰਜ਼ ਨਹੀਂ, ਹਰ ਨਾਗਰਿਕ ਦੀ ਜ਼ਿੰਮੇਵਾਰੀ: ਕਟਾਰੀਆ
ਆਤਿਸ਼ ਗੁਪਤਾ
ਚੰਡੀਗੜ੍ਹ, 25 ਜੂਨ
ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-18 ਵਿੱਚ ਸਥਿਤ ਟੈਗੋਰ ਥੀਏਟਰ ਵਿੱਚ ਐਮਰਜੈਂਸੀ ਦੀ 50ਵੀਂ ਵਰੇਗੰਢ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਐਮਰਜੈਂਸੀ ਦੇ ਦੌਰ ਵਿੱਚ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਵੱਡੀ ਗਿਣਤੀ ਵਿੱਚ ਬਹਾਦਰ ਨਾਗਰਿਕਾਂ, ਪੱਤਰਕਾਰਾਂ, ਵਿਦਿਆਰਥੀਆਂ, ਸਮਾਜਿਕ ਕਾਰਕੁਨਾਂ ਤੇ ਰਾਜਨੀਤਕ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਚੰਡੀਗੜ੍ਹ ਕਾਂਗਰਸ ਨੇ ਯੂਟੀ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਮਨਾਉਣ ਦਾ ਵਿਰੋਧ ਕੀਤਾ। ਵਾਰਡ ਨੰਬਰ-13 ਤੋਂ ਕਾਂਗਰਸੀ ਕੌਂਸਲਰ ਸਚਿਨ ਗਾਲਵ ਨੇ ਸਾਥੀਆਂ ਸਣੇ ਟੈਗੋਰ ਥੀਏਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਸ੍ਰੀ ਕਟਾਰੀਆ ਨੇ ਕਿਹਾ ਕਿ ਲੋਕਤੰਤਰ ਦੀ ਰੱਖਿਆ ਕਰਨਾ ਕੇਵਲ ਸਰਕਾਰਾਂ ਦਾ ਕਰਤੱਵ ਨਹੀਂ ਹੈ, ਇਹ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਰਿਆਂ ਨੂੰ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸ੍ਰੀ ਕਟਾਰੀਆਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ 25 ਜੂਨ 1975 ਨੂੰ ਐਮਰਜੈਂਸੀ ਲਗਾਈ ਗਈ ਸੀ। ਉਸ ਦੌਰਾਨ 21 ਮਹੀਨਿਆਂ ਤੱਕ ਦੇਸ਼ ਵਿੱਚ ਲੋਕਤੰਤਰੀ ਆਜ਼ਾਦੀ ’ਤੇ ਬੁਰੀ ਤਰ੍ਹਾਂ ਰੋਕਾਂ ਲਗਾ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲਗਾਈ ਐਮਰਜੈਂਸੀ ਵਿਰੁੱਧ ਜੈਪ੍ਰਕਾਸ਼ ਨੇ ਨੌਜਵਾਨਾਂ ਨਾਲ ਮਿਲ ਕੇ ਅੰਦੋਲਨ ਵਿੱਢਿਆ ਜਿਸ ਵਿੱਚ ਦੇਸ਼ ਭਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਸਥਿਰ ਨਾ ਹੋ ਕੇ ਜੀਵੰਤ ਪ੍ਰਣਾਲੀ ਹੈ।
ਇਸ ਮੌਕੇ ਵਧੀਕ ਸਾਲਿਸਟਰ ਜਨਰਲ ਸੱਤਿਆਪਾਲ ਜੈਨ ਤੇ ਦੇਸ਼ਰਾਜ ਟੰਡਨ ਨੇ ਵੀ ਆਪਣੇ ਵਿਅਕਤੀਗਤ ਅਨੁਭਵ ਅਤੇ ਐਮਰਜੈਂਸੀ ਦੌਰਾਨ ਚੰਡੀਗੜ੍ਹ ਵਿੱਚ ਆਪਣੀ ਭੂਮਿਕਾ ਸਾਂਝੀ ਕੀਤੀ। ਸੁਰਿੰਦਰ ਮਹਾਜਨ, ਓਮ ਪ੍ਰਕਾਸ਼ ਆਹੂਜਾ ਅਤੇ ਜਤਿੰਦਰ ਚੋਪੜਾ ਨੂੰ ਰਾਜਪਾਲ ਨੇ ਐਮਰਜੈਂਸੀ ਦੇ ਸਮੇਂ ਲੋਕਤੰਤਰ ਦੀ ਰੱਖਿਆ ਵਿੱਚ ਯੋਗਦਾਨ ਪਾਉਣ ਲਈ ਸਨਮਾਨਿਆ। ਇਸ ਸਮਾਗਮ ਵਿੱਚ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ, ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਅਤੇ ਨੌਜਵਾਨ ਵਾਲੰਟੀਅਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੇਅਰ ਹਰਪ੍ਰੀਤ ਕੌਰ ਬਬਲਾ, ਮੁੱਖ ਸਕੱਤਰ ਰਾਜੀਵ ਵਰਮਾ, ਗ੍ਰਹਿ ਸਕੱਤਰ ਮਨਦੀਪ ਬਰਾੜ, ਸੱਭਿਆਚਾਰਕ ਮਾਮਲੇ ਨਿਰਦੇਸ਼ਕ ਸੋਰਭ ਅਰੋੜਾ, ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸੰਜੈ ਟੰਡਨ ਸਣੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਕਾਂਗਰਸ ਵੱਲੋਂ ‘ਸੰਵਿਧਾਨ ਹੱਤਿਆ ਦਿਵਸ’ ਦੇ ਸਮਾਗਮ ਦਾ ਵਿਰੋਧ
ਚੰਡੀਗੜ੍ਹ ਕਾਂਗਰਸ ਨੇ ਯੂਟੀ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ’ਤੇ ਮਨਾਏ ਜਾ ਰਹੇ ‘ਸੰਵਿਧਾਨ ਹੱਤਿਆ ਦਿਵਸ’ ਦਾ ਵਿਰੋਧ ਕੀਤਾ। ਇਸ ਮੌਕੇ ਵਾਰਡ ਨੰਬਰ-13 ਦੇ ਕੌਂਸਲਰ ਸਚਿਨ ਗਾਲਵ ਨੇ ਸਾਥੀਆਂ ਸਣੇ ਵਿਰੋਧ ਟੈਗੋਰ ਥੀਏਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਖਿੱਚਧੂਹ ਹੋਈ ਅਤੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਸਚਿਨ ਗਾਵਲ ਨੇ ਕਿਹਾ ਕਿ ਸੰਵਿਧਾਨ ਦੀ ਹੱਤਿਆ 25 ਜੂਨ ਨੂੰ ਨਹੀਂ ਹੋਈ ਸੀ, ਪਰ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਅਨਿਲ ਮਸੀਹ ਵੱਲੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਤੇ ਰਾਜ ਭਵਨ ਨੂੰ ਲੋਕ ਹਿੱਤ ਵਿੱਚ ਕੰਮ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਭਾਜਪਾ ਦੇ ਦੱਸੇ ’ਤੇ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ। ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਸਾਲ 1975 ਵਿੱਚ ਐਲਾਨੀ ਹੋਈ ਐਮਰਜੈਂਸੀ ਲਗਾਈ ਗਈ ਸੀ, ਪਰ ਅੱਜ ਦੇਸ਼ ਵਿੱਚ ਮੋਦੀ ਸਰਕਾਰ ਨੇ ਅਣਐਲਾਨੀ ਐਮਰਜੈਂਸੀ ਲਗਾਉਣ ਵਰਗੇ ਹਾਲਾਤ ਬਣਾਏ ਹੋਏ ਹਨ।