ਸ਼ਾਮਲਾਤ ਜ਼ਮੀਨ ਨੂੰ ਖੁੱਲੀ ਬੋਲੀ ਰਾਹੀਂ ਵੇਚਣ ਲਈ ਮਤਾ ਪਾਉਣ ਦੀ ਤਜਵੀਜ਼ ਰੱਦ
ਪੰਚਾਇਤ ਸਕੱਤਰ ਨੂੰ ਸੂਚਨਾ ਦੇਣ ਦੇ ਬਾਵਜੂਦ ਮਤਾ ਲਿਖਣ ਲਈ ਨਾ ਪਹੁੰਚਣ ’ਤੇ ਪੰਚਾਇਤ ਵੱਲੋਂ ਮਤਾ ਲਿਖਣ ਦਾ ਅਧਿਕਾਰ ਪਿੰਡ ਦੇ ਗ੍ਰੈਜੂਏਟ ਨੌਜਵਾਨ ਦੀਦਾਰ ਸਿੰਘ ਨੂੰ ਦਿੱਤਾ ਗਿਆ। ਪਾਸ ਕੀਤੇ ਲਿਖਤੀ ਮਤੇ ਵਿੱਚ ਆਖਿਆ ਗਿਆ ਕਿ 26 ਅਗਸਤ ਨੂੰ ਮੁਹਾਲੀ ਦੀ ਡੀਡੀਪੀਓ ਵੱਲੋਂ ਸ਼ਾਮਲਾਤ ਜ਼ਮੀਨ ਸਬੰਧੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿਚ ਬੜੀ ਦੀ ਪੰਚਾਇਤ ਵੀ ਸ਼ਾਮਿਲ ਸੀ। ਉਨ੍ਹਾਂ ਲਿਖਿਆ ਕਿ ਇਸ ਮੌਕੇ ਅਧਿਕਾਰੀਆਂ ਵੱਲੋਂ ਪੰਚਾਇਤ ਨੂੰ ਸ਼ਾਮਲਾਤ ਜ਼ਮੀਨ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚੇ ਜਾਣ ਦਾ ਮਤਾ ਪਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਲਿਖਿਆ ਕਿ ਗ੍ਰਾਮ ਸਭਾ ਦਾ ਇਹ ਵਿਸ਼ੇਸ਼ ਜ਼ਮੀਨ ਵੇਚਣ ਦੀ ਤਜਵੀਜ਼ ਨੂੰ ਮੂਲੋਂ ਹੀ ਰੱਦ ਕਰਦਾ ਹੈ, ਕਿਉਂਕਿ ਪੰਚਾਇਤੀ ਜ਼ਮੀਨ ਪਿੰਡ ਦੇ ਵਿਕਾਸ ਲਈ ਲੋੜੀਂਦੀ ਹੈ।
ਮਤੇ ਉੱਤੇ ਪਿੰਡ ਦੀ ਸਰਪੰਚ ਹਰਮੀਤ ਕੌਰ, ਲਾਭ ਕੌਰ, ਗੁਰਪ੍ਰਤਾਪ ਸਿੰਘ, ਸੰਤ ਰਾਮ(ਪੰਚਾਇਤ ਮੈਂਬਰ) ਤੋਂ ਇਲਾਵਾ ਨੰਬਰਦਾਰ ਬਹਾਦਰ ਸਿੰਘ, ਦਰਬਾਰਾ ਸਿੰਘ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਦੇ ਹਸਤਾਖ਼ਰ ਹਨ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਡੀਡੀਪੀਓ ਮੁਹਾਲੀ ਦੀ ਅਗਵਾਈ ਹੇਠ ਮੁਹਾਲੀ ਬਲਾਕ ਦੇ 17 ਪਿੰਡਾਂ ਦੀਆਂ ਪੰਚਾਇਤਾਂ ਦੀ ਮੀਟਿੰਗ ਬੁਲਾਈ ਗਈ ਸੀ, ਜਿਨ੍ਹਾਂ ਵਿਚ ਪੰਚਾਇਤਾਂ ਨੂੰ ਸ਼ਾਮਲਾਤ ਜ਼ਮੀਨਾਂ ਖੁੱਲੀ ਬੋਲੀ ਰਾਹੀਂ ਵੇਚਣ ਦੀ ਤਜਵੀਜ਼ ਦਿੱਤੀ ਗਈ ਸੀ। ਪਿੰਡ ਬੜੀ ਦੀ ਪੰਚਾਇਤ ਵੱਲੋਂ ਵਿਸ਼ੇਸ਼ ਇਜਲਾਸ ਬੁਲਾ ਕੇ ਪਾਸ ਕੀਤੇ ਮਤੇ ਨੇ 26 ਅਗਸਤ ਨੂੰ ਹੋਈ ਮੀਟਿੰਗ ਵਿਚ ਪੰਚਾਇਤੀ ਜ਼ਮੀਨਾਂ ਵੇਚਣ ਦੀ ਤਜਵੀਜ਼ ਸਬੰਧੀ 27 ਅਗਸਤ ਨੂੰ ਸਿਰਫ਼ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਹੋਈ ਰਿਪੋਰਟ ’ਤੇ ਮੋਹਰ ਲਗਾ ਦਿੱਤੀ ਹੈ।