ਚੰਡੀਗੜ੍ਹ ’ਚ ਜਾਇਦਾਦ ਦੀਆਂ ਕੀਮਤਾਂ ਸੱਤਵੇਂ ਆਸਮਾਨ ’ਤੇ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਜਾਇਦਾਦ ਦੀਆਂ ਕੀਮਤਾਂ ਅਸਮਾਨ ’ਤੇ ਪੁੱਜ ਗਈਆਂ ਹਨ। ਅੱਜ ਸਟੇਟ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ 13 ਰਿਹਾਇਸ਼ੀ ਅਤੇ ਦੋ ਵਪਾਰਕ ਜਾਇਦਾਦਾਂ ਦੀਆਂ ਨਿਲਾਮੀਆਂ ਕੀਤੀਆਂ ਗਈਆਂ। ਇਸ ਨਿਲਾਮੀ ਵਿੱਚ ਜਾਇਦਾਦ ਰਾਖਵੀਂ ਕੀਮਤ ਦੇ ਮੁਕਾਬਲੇ 205 ਗੁਣਾ ਵੱਧ ਤੱਕ ਦੇ ਭਾਅ ’ਤੇ ਵਿਕੀਆਂ ਹਨ। ਇਸ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਪਲਾਟ ਸੈਕਟਰ-19 ਬੀ ਵਿੱਚ ਸਥਿਤ ਇੱਕ ਕਨਾਲ ਦਾ ਵਿਕਿਆ ਹੈ। ਇਹ ਪਲਾਟ 7.42 ਕਰੋੜ ਰੁਪਏ ਰਾਖਵੀਂ ਕੀਮਤ ਦੇ ਮੁਕਾਬਲੇ 205 ਗੁਣਾ ਵੱਧ ਭਾਅ ਉੱਤੇ 22.67 ਕਰੋੜ ਰੁਪਏ ਵਿੱਚ ਵਿਕਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਛੋਟੇ ਮਕਾਨ ਖਰੀਦਣਾ ਵੀ ਮੁਸ਼ਕਿਲ ਹੋ ਗਿਆ। ਸੈਕਟਰ-40 ਵਿੱਚ ਪੰਜ ਮਰਲੇ ਦਾ ਪਲਾਟ 4.03 ਕਰੋੜ ਰੁਪਏ ਵਿੱਚ ਵਿਕਿਆ ਹੈ। ਇਸ ਦੀ ਰਾਖਵੀਂ ਕੀਮਤ 1.78 ਕਰੋੜ ਰੁਪਏ ਹੈ।
ਸਟੇਟ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਕਟਰ-19 ’ਚ 281 ਗਜ਼ ਦਾ ਪਲਾਟ 4.15 ਕਰੋੜ ਰੁਪਏ ਦੇ ਮੁਕਾਬਲੇ ਸਾਢੇ ਸੱਤ ਕਰੋੜ, ਇਕ ਕਨਾਲ ਤੇ ਬਾਕੀ ਪਲਾਟ ਵੀ 7.42 ਕਰੋੜ ਰੁਪਏ ਦੇ ਮੁਕਾਬਲੇ 22 ਕਰੋੜ ਰੁਪਏ ਤੋਂ ਵੱਧ ਕੀਮਤ ’ਤੇ ਵਿਕੇ ਹਨ। ਇਸੇ ਤਰ੍ਹਾਂ ਸੈਕਟਰ 33 ’ਚ ਸਥਿਤ ਦੋ ਕਨਾਲ ਦਾ ਪਲਾਟ 14.96 ਕਰੋੜ ਰੁਪਏ ਦੇ ਮੁਕਾਬਲੇ 33.41 ਕਰੋੜ ਰੁਪਏ ’ਚ ਵਿਕਿਆ ਹੈ। ਸੈਕਟਰ 37 ’ਚ 159 ਗਜ਼ ਦਾ ਪਲਾਟ 2.35 ਕਰੋੜ ਰੁਪਏ ਦੇ ਮੁਕਾਬਲੇ 4.30 ਕਰੋੜ ਰੁਪਏ, ਸੈਕਟਰ 40 ’ਚ 131 ਗਜ਼ ਦਾ ਮਕਾਨ 1.85 ਕਰੋੜ ਰੁਪਏ ਦੇ ਮੁਕਾਬਲੇ 3.93 ਕਰੋੜ ਰੁਪਏ
’ਚ ਵਿਕਿਆ ਹੈ। ਸੈਕਟਰ 40 ’ਚ ਹੀ 192 ਗਜ਼ ਦਾ ਪਲਾਟ 2.70 ਕਰੋੜ ਰੁਪਏ ਦੇ ਮੁਕਾਬਲੇ 5.2 ਕਰੋੜ ਰੁਪਏ ਦਾ ਵਿਕਿਆ ਹੈ। ਸੈਕਟਰ 44 ’ਚ ਪੰਜ ਮਰਲੇ ਦਾ ਮਕਾਨ 1.80 ਕਰੋੜ ਰੁਪਏ ਦੇ ਮੁਕਾਬਲੇ 4.25 ਕਰੋੜ ਰੁਪਏ ਵਿੱਚ ਵਿਕਿਆ ਹੈ। ਇਸੇ ਤਰ੍ਹਾਂ ਵਪਾਰਕ ਜਾਇਦਾਦਾਂ ਵਿੱਚ ਸੈਕਟਰ ਅੱਠ ਵਿੱਚ ਸਥਿਤ 324 ਗਜ਼ ਦਾ ਸ਼ੋਅ ਰੂਮ 14.59 ਕਰੋੜ ਰੁਪਏ ਦੇ ਮੁਕਾਬਲੇ 20.37 ਕਰੋੜ ਰੁਪਏ ਵਿੱਚ ਅਤੇ ਸੈਕਟਰ-44 ਵਿੱਚ ਸਥਿਤ ਇੱਕ ਮਰਲੇ ਦਾ ਬੂਥ 76 ਲੱਖ ਰੁਪਏ ਰਾਖਵੀਂ ਕੀਮਤ ਦੇ ਮੁਕਾਬਲੇ 2.25 ਕਰੋੜ ਰੁਪਏ ਵਿੱਚ ਵਿਕਿਆ ਹੈ। ਜ਼ਿਕਰਯੋਗ ਹੈ ਕਿ ਸਟੇਟ ਵਿਭਾਗ ਵੱਲੋਂ ਦੋ ਤੋਂ ਚਾਰ ਸਤੰਬਰ ਤੱਕ ਸ਼ਹਿਰ ਵਿੱਚ 13 ਰਿਹਾਇਸ਼ੀ ਅਤੇ ਦੋ ਵਪਾਰਕ ਜਾਇਦਾਦਾਂ ਦੀ ਨਿਲਾਮੀ ਰੱਖੀ ਗਈ ਸੀ। ਨਿਲਾਮੀ ਵਿੱਚ 288 ਬਿਨੈਕਾਰਾਂ ਵੱਲੋਂ ਵੱਖ-ਵੱਖ ਥਾਵਾਂ ਲਈ 587 ਅਰਜ਼ੀਆਂ ਜਮ੍ਹਾਂ ਕਰਾਈਆਂ ਗਈਆਂ ਸਨ। ਅਸਟੇਟ ਵਿਭਾਗ ਨੇ ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਕਰ ਕੇ 75.29 ਕਰੋੜ ਰੁਪਏ ਰਾਖਵੀਂ ਕੀਮਤ ਦੇ ਮੁਕਾਬਲੇ 168.85 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ।