ਬੁੜ੍ਹੈਲ ਜੇਲ੍ਹ ’ਚ ਕੈਦੀ ਭਿੜੇ, ਕੇਸ ਦਰਜ
ਚੰਡੀਗੜ੍ਹ ਵਿੱਚ ਸਥਿਤ ਬੁੜ੍ਹੈਲ ਜੇਲ੍ਹ ਵਿੱਚ ਬੰਦ ਕੈਦੀ ਸ਼ੁੱਕਰਵਾਰ ਨੂੰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਇੱਕ ਕੈਦੀ ਦੇ ਸਿਰ ਵਿੱਚ ਸੱਟ ਵੱਜੀ ਹੈ, ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਰਿਤਵਿਕ ਭਾਰਦਵਾਜ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-49 ਦੀ ਪੁਲੀਸ ਨੇ ਤਿੰਨ ਕੈਦੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਕੈਦੀਆਂ ਦੀ ਪਛਾਣ ਰਜਤ ਤਿਵਾੜੀ, ਸੰਨੀ ਅਤੇ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਹਮਲਾਵਰਾਂ ਨੂੰ ਕਾਬੂ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਰਿਤਵਿਕ ਭਾਰਦਵਾਜ ਨੂੰ ਜੇਲ੍ਹ ਵਿੱਚ ਸਥਿਤ ਡਿਸਪੈਂਸਰੀ ਵਿੱਚ ਮੈਡੀਕਲ ਕਰਵਾਉਣ ਲਈ ਲੈ ਕੇ ਜਾਇਆ ਗਿਆ ਸੀ, ਜਿੱਥੇ ਰਜਤ ਤਿਵਾੜੀ ਤੇ ਹੋਰ ਕੈਦੀ ਦਿਵਾਈ ਲੈਣ ਆਏ ਹੋਏ ਸਨ। ਉਨ੍ਹਾਂ ਨੇ ਰਿਤਵਿਕ ’ਤੇ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਹਮਲਾਵਰ ਨੇ ਰਿਤਵਿਕ ਦੇ ਸਿਰ ਵਿੱਚ ਤਿੱਖੀ ਚੀਜ਼ ਨਾਲ ਹਮਲਾ ਕੀਤਾ ਹੈ। ਉੱਧਰ, ਪੁਲੀਸ ਨੇ ਦੋਵਾਂ ਨੂੰ ਛੁਡਵਾਇਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-49 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਰਜਤ ਤਿਵਾੜੀ ਵਿਰੁੱਧ ਪਹਿਲਾਂ ਵੀ ਹੱਤਿਆ ਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਹੈ ਜਦੋਂਕਿ ਪੀੜਤ ਰਿਤਵਿਕ ਨੂੰ 25 ਸਤੰਬਰ 2025 ਨੂੰ ਮੁਹਾਲੀ ਵਿੱਚ ਜਿਮ ਦੇ ਬਾਹਰ ਅਤੇ ਚੰਡੀਗੜ੍ਹ ਦੇ ਕਜ਼ਹੇੜੀ ਵਿੱਚ ਹੋਟਲ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਵੱਲੋਂ ਰਿਤਵਿਕ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਰਿਮਾਂਡ ਤੋਂ ਬਾਅਦ ਜੇਲ੍ਹ ਲਿਜਾਇਆ ਗਿਆ ਸੀ। ਚੰਡੀਗੜ੍ਹ ਪੁਲੀਸ ਨੇ ਮਾਮਲੇ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।