ਪ੍ਰਿੰਸੀਪਲਜ਼ ਐਸੋਸੀਏਸ਼ਨ ਵੱਲੋਂ ਸਿੱਖਿਆ ਮੰਤਰੀ ਨੂੰ ਮੰਗ ਪੱਤਰ
ਸੂਬੇ ਦੇ ਏਡਿਡ ਤੇ ਪ੍ਰਾਈਵੇਟ ਐਫੀਲੀਏਟਿਡ ਕਾਲਜਾਂ ਦੀ ਪ੍ਰਿੰਸੀਪਲਜ਼ ਐਸੋਸੀਏਸ਼ਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਅਤੇ ਪ੍ਰਾਈਵੇਟ ਐਫੀਲੀਏਟਿਡ ਕਾਲਜਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਮੰਗ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਰੰਧਾਵਾ, ਜਨਰਲ ਸਕੱਤਰ ਡਾ. ਜਸਵੀਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਡਾ. ਪਰਵਿੰਦਰ ਸਿੰਘ ਅਤੇ ਸਕੱਤਰ ਡਾ. ਤਰਸੇਮ ਸਿੰਘ ਦੀ ਅਗਵਾਈ ਹੇਠ ਪ੍ਰਿੰਸੀਪਲਜ਼ ਐਸੋਸੀਏਸ਼ਨ ਦੇ ਵਫਦ ਨੇ ਸਿੱਖਿਆ ਮੰਤਰੀ ਨੂੰ ਮੁੱਖ ਤੌਰ ’ਤੇ ਸਹਾਇਤਾ ਪ੍ਰਾਪਤ ਕਾਲਜਾਂ ਨੂੰ ਰੈਗੂਲਰ ਗਰਾਂਟ ਜਾਰੀ ਕਰਨ, ਗਰਾਂਟ ਨੂੰ 75% ਤੋਂ 95% ਕਰਨ, ਸੱਤਵੇਂ ਪੇ ਕਮਿਸ਼ਨ ਦੇ ਬਕਾਇਆ ਏਰੀਆ ਦੇਣ, ਗੈਰ ਅਧਿਆਪਨ ਅਮਲੇ ਨੂੰ ਛੇਵੇਂ ਪੇਅ ਕਮਿਸ਼ਨ ਦੇ ਵਿੱਤੀ ਲਾਭ ਦੇਣ, ਟੀਚਿੰਗ ਤੇ ਨਾਨ ਟੀਚਿੰਗ ਦੀਆਂ ਖਾਲੀ ਅਸਾਮੀਆਂ ਨੂੰ 95% ਗਰਾਂਟ ਅਧੀਨ ਭਰਨ, ਪ੍ਰਿੰਸੀਪਲਾਂ ਦੀ ਰਿਟਾਇਰਮੈਂਟ ਦੀ ਉਮਰ ਮੁੜ 60 ਸਾਲ ਕਰਨ, ਸਰਕਾਰੀ ਪੋਰਟਲ ’ਤੇ ਤੀਜੇ ਤੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਨੂੰ ਰੋਕਣ, ਪੋਸਟ ਮੈਟਰਿਕ ਸਕਾਲਰਸ਼ਿਪ ਦੀਆਂ ਤਰੀਕਾਂ ਅਤੇ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਦਾਖਲੇ ਦੀਆਂ ਤਰੀਕਾਂ ਨੂੰ ਠੀਕ ਕਰਨ, ਪੋਸਟ ਮੈਟਰਿਕ ਸਕਾਲਰਸ਼ਿਪ ਅਧੀਨ ਫੀਸ ਦੀ ਕੈਪਿੰਗ ਨੂੰ ਠੀਕ ਕਰਨ ਅਤੇ ਕਾਲਜਾਂ ਨਾਲ ਜੁੜੀਆਂ ਹੋਰ ਮੰਗਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਵਫਦ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜਲਦੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਸਕੱਤਰ ਹਾਇਰ ਐਜੂਕੇਸ਼ਨ ਨਾਲ ਕਰਵਾਉਣ ਦੀ ਮੰਗ ਕੀਤੀ ਗਈ। ਸਿੱਖਿਆ ਮੰਤਰੀ ਵੱਲੋਂ ਮੰਗ ਪੱਤਰ ਵਿੱਚ ਲਿਖੀਆਂ ਗਈਆਂ ਮੰਗਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ।