ਪ੍ਰਿੰਸੀਪਲ ਉੱਤੇ ਬੈਨਰ ਤੇ ਪੋਸਟਰ ਪਾੜਨ ਦੇ ਦੋਸ਼
ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਸੱਦੇ ’ਤੇ ਮੁਹਾਲੀ ਦੇ ਫੇਜ਼ ਛੇ ਦੇ ਮੈਡੀਕਲ ਕਾਲਜ ਦੇ ਪਿਛਲੇ ਮਹੀਨੇ ਤੋਂ ਆਪਣੀ ਤਨਖ਼ਾਹ ਵਿਚ ਵਾਧੇ ਨੂੰ ਲੈ ਕੇ ਧਰਨੇ ’ਤੇ ਬੈਠੇ ਨਰਸਿੰਗ ਸਟਾਫ਼ ਨੇ ਕਾਲਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ’ਤੇ ਧਰਨੇ ਵਿਚ ਬੈਠੇ ਨਰਸਿੰਗ ਸਟਾਫ਼ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ ਹੈ। ਧਰਨਾਕਾਰੀਆਂ ਨੇ ਪ੍ਰਿੰਸੀਪਲ ’ਤੇ ਉਨ੍ਹਾਂ ਨੂੰ ਅਪਮਾਨਜਨਕ ਸ਼ਬਦ ਬੋਲਣ, ਧਰਨੇ ਦੇ ਬੈਨਰ ਅਤੇ ਪੋਸਟਰ ਫਾੜੇ ਜਾਣ ਦਾ ਵੀ ਦੋਸ਼ ਲਾਇਆ।
ਧਰਨਾਕਾਰੀਆਂ ਨੇ ਕਿਹਾ ਕਿ ਜੇ ਪ੍ਰਿੰਸੀਪਲ ਨੇ ਸਾਰੀ ਕਾਰਵਾਈ ਲਈ ਜਨਤਕ ਤੌਰ ਲਿਖਤੀ ਮੁਆਫ਼ੀ ਨਾ ਮੰਗੀ ਤਾਂ ਪੰਜਾਬ ਦੇ ਚਾਰੋਂ ਸਰਕਾਰੀ ਮੈਡੀਕਲ ਕਾਲਜਾਂ ਦਾ ਨਰਸਿੰਗ ਸਟਾਫ਼ ਮੁਹਾਲੀ ਆ ਕੇ ਪ੍ਰਿੰਸੀਪਲ ਦੇ ਦਫ਼ਤਰ ਅੱਗੇ ਧਰਨਾ ਲਾਉਣ ਤੋਂ ਗੁਰੇਜ਼ ਨਹੀਂ ਕਰੇਗਾ।
ਨਰਸਿੰਗ ਸਟਾਫ਼ ਦੇ ਮੁਹਾਲੀ ਮੈਡੀਕਲ ਕਾਲਜ ਦੇ ਆਗੂ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਹੀਨੇ ਤੋਂ ਹਸਪਤਾਲ ਵਿੱਚ ਧਰਨਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਧਰਨਾਕਾਰੀ ਕੈਂਪ ਵਿਚ ਆ ਕੇ ਸਾਰੇ ਬੈਨਰ ਤੇ ਪੋਸਟਰ ਫਾੜ ਦਿੱਤੇ ਅਤੇ ਧਰਨੇ ’ਤੇ ਮੌਜੂਦ ਨਰਸਿੰਗ ਸਟਾਫ਼ ਨਾਲ ਅਪਮਾਨਜਨਕ ਅਤੇ ਬਦਸਲੂਕੀ ਭਰੇ ਸ਼ਬਦਾਂ ਵਿੱਚ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਸੂਬਾਈ ਲੀਡਰਸ਼ਿਪ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਅਤੇ ਸਬੰਧਤ ਮਾਮਲੇ ਬਾਰੇ ਸੂਬਾ ਕਮੇਟੀ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ,ਮੁਹਾਲੀ ਦਾ ਨਰਸਿੰਗ ਸਟਾਫ਼ ਉਸ ’ਤੇ ਅਮਲ ਕਰੇਗਾ।
ਜੇ ਕਿਸੇ ਨੂੰ ਠੇਸ ਲੱਗੀ ਤਾਂ ਮੁਆਫ਼ੀ ਮੰਗਦੀ ਹਾਂ: ਪ੍ਰਿੰਸੀਪਲ
ਮੈਡੀਕਲ ਕਾਲਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਕਿਹਾ ਕਿ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ਼ ਉਨ੍ਹਾਂ ਦੇ ਬੱਚਿਆਂ ਅਤੇ ਵਿਦਿਆਰਥੀਆਂ ਵਾਂਗ ਹੈ ਤੇ ਉਹ ਖ਼ੁਦ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਕਿਹਾ ਸੀ ਕਿ ਧਰਨਾ ਖੁੱਲ੍ਹੀ ਤੇ ਹਵਾਦਾਰ ਥਾਂ ਵਿੱਚ ਲਗਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪੋਸਟਰ ਅਤੇ ਬੈਨਰ ਫਾੜੇ ਨਹੀਂ ਉਤਾਰੇ ਗਏ ਸਨ ਅਤੇ ਕਿਸੇ ਨਾਲ ਬਦਸਲੂਕੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਦੇ ਮੈਡੀਕਲ ਕਾਲਜ ਵਿਚ ਆਉਣ ਬਾਰੇ ਸੂਚਨਾ ਆਈ ਸੀ ਤੇ ਇਸੇ ਕਰਕੇ ਉਹ ਧਰਨਾਕਾਰੀ ਨਰਸਿੰਗ ਸਟਾਫ਼ ਨਾਲ ਗੱਲ ਕਰਨ ਗਏ ਸਨ। ਉਨ੍ਹਾਂ ਕਿਹਾ ਕਿ ਜੇ ਧਰਨਾਕਾਰੀ ਸਟਾਫ਼ ਉਨ੍ਹਾਂ ਨੂੰ ਮੁਆਫ਼ੀ ਮੰਗਣ ਦੀ ਗੱਲ ਕਰਦਾ ਹੈ ਤਾਂ ਉਹ ਇਸ ਦੀ ਮੁਆਫ਼ੀ ਮੰਗਦੇ ਹਨ ਅਤੇ ਉਨ੍ਹਾਂ ਦਾ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।
