ਪ੍ਰਧਾਨ ਮੰਤਰੀ ਦਾ 1600 ਕਰੋੜੀ ਐਲਾਨ ਕੋਝਾ ਮਜ਼ਾਕ: ਝਾੜਵਾਂ
ਆਮ ਆਦਮੀ ਪਾਰਟੀ ਦੇ ਟਕਸਾਲੀ ਨੌਜਵਾਨ ਆਗੂ ਅਤੇ ਪੀ.ਆਰ.ਟੀ.ਸੀ. ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਵਾਸਤੇ ਐਲਾਨੇ ਗਏ 1600 ਕਰੋੜ ਰੁਪਇਆਂ ਨੂੰ ਇੱਥੋਂ ਦੇ ਪੀੜਤ ਲੋਕਾਂ ਨਾਲ਼ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੁੱਛ ਜਿਹੇ ਪੈਸੇ ਦਾ ਜੇ ਮੋਟਾ-ਮੋਟਾ ਹਿਸਾਬ ਕਰੀਏ ਤਾਂ ਇੱਕ ਪਿੰਡ ਨੂੰ 80 ਲੱਖ ਰੁਪਏ ਵੀ ਮੁਆਵਜ਼ਾ ਹਿੱਸੇ ਨਹੀਂ ਆਉਂਦਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੇ ਸੂਬੇ ਦੇ ਟੈਕਸਾਂ ਦਾ 60 ਹਜ਼ਾਰ ਕਰੋੜ ਰੁਪਇਆ ਹੀ ਐਲਾਨ ਦਿੰਦੇ ਤਾਂ ਕੋਈ ਗੱਲ ਬਣਦੀ ਸੀ ਜਿਸ ਨਾਲ ਸਰਕਾਰੀ ਸਕੂਲਾਂ, ਹਸਪਤਾਲਾਂ ਦੀ ਹਾਲਤ ਸੁਧਾਰੀ ਜਾ ਸਕਦੀ ਅਤੇ ਸੜਕਾਂ ਬਣਾਈਆਂ ਜਾ ਸਕਦੀਆਂ ਪਰ ਅਸਲੀਅਤ ਇਹ ਸੀ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਨਾਲ ਕੋਈ ਮੋਹ ਨਹੀਂ ਹੈ। ‘ਆਪ’ ਆਗੂ ਬਲਵਿੰਦਰ ਸਿੰਘ ਝਾੜਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਇਹ ਉਹ ਪੰਜਾਬ ਹੈ ਜਿਸ ਨੇ ਕਿਸੇ ਸਮੇਂ ਭੁੱਖ ਮਰ ਰਹੇ ਦੇਸ਼ ਭਰ ਦੇ ਲੋਕਾਂ ਲਈ ਅੰਨ ਦੇ ਅੰਬਾਰ ਲਗਾ ਦਿੱਤੇ ਸਨ ਪ੍ਰੰਤੂ ਅੱਜ ਜੇਕਰ ਪੰਜਾਬ ਉਤੇ ਹੜ੍ਹਾਂ ਦੀ ਮਾਰ ਪਈ ਤਾਂ ਪ੍ਰਧਾਨ ਮੰਤਰੀ ਵੱਲੋਂ ਸਿਰਫ਼ 1600 ਕਰੋੜ ਦਾ ਇਹ ਐਲਾਨ ਇੱਥੋਂ ਦੇ ਲੋਕਾਂ ਵਿੱਚ ਕੋਝਾ ਮਜ਼ਾਕ ਮੰਨਿਆ ਗਿਆ ਜਿਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।