ਹੋਟਲਾਂ ਨੂੰ ਜਨਤਕ ਤੇ ਨਿੱਜੀ ਭਾਈਵਾਲੀ ਅਧੀਨ ਚਲਾਉਣ ਦੀ ਤਿਆਰੀ
ਚੰਡੀਗੜ੍ਹ ਉਦਯੋਗਿਕ ਤੇ ਸੈਰ-ਸਪਾਟਾ ਵਿਕਾਸ ਨਿਗਮ (ਸਿਟਕੋ) ਵੱਲੋਂ ਸ਼ਹਿਰ ਦੇ ਹੋਟਲਾਂ ਨੂੰ ਜਨਤਕ-ਨਿੱਜੀ ਭਾਈਵਾਲੀ (ਪੀ ਪੀ ਪੀ) ਮਾਡਲ ਅਧੀਨ ਚਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਹੋਰਨਾਂ ਸੂਬਿਆਂ ਦੇ ਮਾਡਲਾਂ ਦਾ ਅਧਿਐਨ ਕਰਨ ਲਈ 7 ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਵੱਲੋਂ ਦੂਜੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਾਰਪੋਰੇਸ਼ਨਾਂ ਦਾ ਦੌਰਾ ਕਰ ਕੇ ਅਧਿਐਨ ਕੀਤਾ ਜਾਵੇਗਾ ਜਿੱਥੇ ਹੋਟਲ ਤੇ ਰੈਸਟੋਰੈਂਟ ਪੀ ਪੀ ਪੀ ਆਧਾਰ ’ਤੇ ਚਲਾਏ ਜਾ ਰਹੇ ਹਨ। ਹਾਲਾਂਕਿ ਸਿਟਕੋ ਪ੍ਰੋਗਰੈਸਿਵ ਵਰਕਰਜ਼ ਯੂਨੀਅਨ ਅਤੇ ਸਿਟਕੋ ਵਰਕਰਜ਼ ਯੂਨੀਅਨ ਨੇ ਸਿਟਕੋ ਹੋਟਲਾਂ ਲਈ ਪੀ ਪੀ ਪੀ ਮਾਡਲ ਅਪਣਾਉਣ ਦਾ ਵਿਰੋਧ ਕੀਤਾ ਹੈ। ਸਿਟਕੋ ਪ੍ਰੋਗਰੈਸਿਵ ਵਰਕਰਜ਼ ਯੂਨੀਅਨ ਦੇ ਪ੍ਰਧਾਨ ਪ੍ਰੇਮ ਲਾਲ ਅਤੇ ਸਿਟਕੋ ਵਰਕਰਜ਼ ਯੂਨੀਅਨ ਦੇ ਪ੍ਰਧਾਨ ਕੁੰਵਰ ਸਿੰਘ ਨੇ ਸਿਟਕੋ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੱਤਰ ਵਿੱਚ ਕਿਹਾ ਕਿ ਪਹਿਲਾਂ ਪੀ ਪੀ ਪੀ ਮਾਡਲ ’ਤੇ ਦਿੱਤੀਆਂ ਕੁਝ ਜਾਇਦਾਦਾਂ ਤੇ ਯੂਨਿਟ ਘਾਟੇ ’ਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੈਕਟਰ-34 ਵਿੱਚ ਇਕ ਪ੍ਰਾਜੈਕਟ ਨਿੱਜੀ ਪਾਰਟੀ ਨੂੰ ਲੀਜ਼ ’ਤੇ ਦਿੱਤਾ ਗਿਆ ਸੀ ਜਿਸ ਨੇ 2020 ਵਿੱਚ ਅਲਾਟਮੈਂਟ ਤੋਂ ਬਾਅਦ ਲਾਇਸੈਂਸ ਫੀਸ ਜਮ੍ਹਾਂ ਨਹੀਂ ਕੀਤੀ।
ਯੂਨੀਅਨ ਆਗੂਆਂ ਨੇ ਕਿਹਾ ਕਿ ਸਿਟਕੋ ਦੇ ਹੋਟਲ ਬਹੁਤ ਵਧੀਆ ਚੱਲ ਰਹੇ ਹਨ ਅਤੇ ਇਨ੍ਹਾਂ ਹੋਟਲਾਂ ਦੇ ਪ੍ਰਬੰਧਨ ਵਿੱਚ ਸੁਧਾਰ ਕਰ ਕੇ ਆਮਦਨ ਵਧਾਈ ਜਾ ਸਕਦੀ। ਇਸ ਲਈ ਸਿਟਕੋ ਦੇ ਹੋਟਲਾਂ ਨੂੰ ਪੀ ਪੀ ਪੀ ਮਾਡਲ ’ਤੇ ਚਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ।
