ਘਰ ਤੋਂ ਕੂੜਾ ਚੁੱਕਣ ਦਾ ਕੰਮ ਠੇਕੇਦਾਰ ਨੂੰ ਦੇਣ ਦੀ ਤਿਆਰੀ
ਘਰ-ਘਰ ਤੋਂ ਕੂੜਾ ਚੁੱਕਣ ਸਬੰਧੀ ਨਗਰ ਕੌਂਸਲ ਵੱਲੋਂ ਠੇਕਾ ਕਿਸੇ ਨਿੱਜੀ ਕੰਪਨੀ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਵਿਰੋਧ ਵਿੱਚ ਅੱਜ ਸਫਾਈ ਕਾਮਿਆਂ ਵੱਲੋਂ ਨਗਰ ਕੌਂਸਲ ਦੇ ਦਫਤਰ ਮੂਹਰੇ ਰੋਸ ਧਰਨਾ ਦੇ ਕੇ ਇਸ ਪ੍ਰਾਜੈਕਟ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ। ਸੂਬਾ ਜਰਨਲ ਸਕੱਤਰ ਪਵਨ ਘੋੜੇਆਲ ਨੇ ਦੱਸਿਆ ਕਿ ਇਹ ਠੇਕਾ ਦੇ ਕੇ ਨਗਰ ਕੌਂਸਲ ਵਲੋਂ ਵਾਲਮੀਕ ਸਮਾਜ ਨੂੰ ਆਰਥਿਕ ਗੁਲਾਮ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਘਰ-ਘਰ ਤੋਂ ਕੂੜਾ ਚੁੱਕਣ ਦਾ ਕਿੱਤਾ ਉਨ੍ਹਾਂ ਦਾ ਸਵੈਰੁਜ਼ਗਾਰ ਹੈ, ਜਿਸ ਵਿੱਚ ਨਗਰ ਕੌਂਸਲ ਵੱਲੋਂ ਉਨ੍ਹਾਂ ਦੀ ਕੋਈ ਮਾਲੀ ਮਦਦ ਨਹੀਂ ਕੀਤੀ ਜਾਂਦੀ ਬਲਕਿ ਉਨ੍ਹਾਂ ਵੱਲੋਂ ਇਕ-ਇਕ ਘਰ ਜੋੜ ਕੇ ਇਹ ਸਵੈ ਰੁਜ਼ਗਾਰ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਬਦਲੇ ਉਨ੍ਹਾਂ ਨੂੰ ਪ੍ਰਤੀ ਘਰ 100 ਤੋਂ 150 ਰੁਪਏ ਬਤੌਰ ਸੁਵਿਧਾ ਸ਼ੁਲਕ ਲਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 18 ਜੁਲਾਈ ਨੂੰ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਅਤੇ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਦੀ ਪ੍ਰਧਾਨਗੀ ਹੇਠ ਮਿਉਂਸਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਮੰਤਰੀ ਵਲੋਂ ਇਨ੍ਹਾਂ ਦਿੱਤੇ ਜਾ ਰਹੇ ਠੇਕਿਆਂ ’ਤੇ ਵਿਚਾਰ ਕਰਨ ਲਈ ਕਿਹਾ ਗਿਆ ਸੀ ਅਤੇ ਚੇਅਰਮੈਨ ਚੰਦਨ ਗਰੇਵਾਲ ਵਲੋਂ ਵੀ ਕਿਹਾ ਗਿਆ ਸੀ ਕਿ ਜਦੋਂ ਤੱਕ ਸਰਕਾਰ ਪੱਧਰ ’ਤੇ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਕਿਤੇ ਵੀ ਕੋਈ ਵੀ ਠੇਕਾ ਲਾਗੂ ਨਹੀਂ ਕੀਤਾ ਜਾਵੇਗਾ। ਇਸ ਲਈ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਮੰਗ ਕੀਤੀ ਗਈ ਹੈ ਕਿ ਨਗਰ ਕੌਂਸਲ ਵਲੋਂ ਘਰ-ਘਰ ਤੋਂ ਕੂੜਾ ਚੁੱਕਣ ਦਾ ਠੇਕਾ ਦੇਣ ਦੀ ਕਾਰਵਾਈ ਰੋਕੀ ਜਾਵੇ, ਨਹੀਂ ਤਾਂ ਮਜਬੂਰਨ ਜਥੇਬੰਦੀ ਨੂੰ ਸ਼ਹਿਰ ਦਾ ਘਰ-ਘਰ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।