ਪਾਵਰਕੌਮ ਦੀਆਂ ਯੂਨੀਅਨਾਂ ਨੇ ਬਿਜਲੀ ਬਿੱਲ ਦੀਆਂ ਕਾਪੀਆਂ ਸਾੜੀਆਂ
ਪਾਵਰਕੌਮ ਸਰਕਲ ਮੁਹਾਲੀ ਦੀਆਂ ਵੱਖ-ਵੱਖ ਯੂਨੀਅਨਾਂ ਨੇ ਅੱਜ ਇੱਥੇ ਸਰਕਲ ਪੱਧਰੀ ਰੈਲੀ ਕੀਤੀ ਅਤੇ ਬਿਜਲੀ ਬਿੱਲ-2025 ਦੀਆਂ ਕਾਪੀਆਂ ਸਾੜੀਆਂ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਅਤੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਮਜ਼ਦੂਰ, ਮੁਲਾਜ਼ਮ ਵਿਰੋਧੀ ਚਾਰ ਕੋਡ ਅਤੇ ਨਿੱਜੀ ਕਰਨ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸਰਕਲ ਪ੍ਰਧਾਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਇਸ ਰੈਲੀ ਵਿਚ ਪਾਵਰਕੌਮ ਦੀਆਂ ਯੂਨੀਅਨਾਂ ਤੋਂ ਇਲਾਵਾ ਪੈਨਸ਼ਨਰਜ਼ ਐਸੋਈਏਸ਼ਨਾਂ, ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਉਦਾਰੀਕਰਨ, ਸੰਸਾਰੀਕਰਨ, ਨਿੱਜੀਕਰਨ ਦੀ ਨੀਤੀ ਦਾ ਵਿਰੋਧ ਕਰਨ ਅਤੇ ਬਿਜਲੀ ਬਿੱਲ 2025 ਦੀ ਤਜਵੀਜ਼ ਨੂੰ ਰੱਦ ਕਰਾਉਣ, ਠੇਕੇਦਾਰੀ ਸਿਸਟਮ ਬੰਦ ਕਰਨ, ਅਦਾਰਿਆਂ ਵਿੱਚ ਪੱਕੀ ਭਰਤੀ ਕਰਨ, ਚਾਰ ਲੇਬਰ ਕੋਡ ਖਤਮ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਸਮੇਤ ਪਾਵਰਕੌਮ ਅਤੇ ਟਰਾਂਸਕੋ ਦੀਆਂ ਜ਼ਮੀਨਾਂ ਸਸਤੇ ਤੋਂ ਸਸਤੇ ਰੇਟਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਵੇਚਣ ਦਾ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਬਿਜਲੀ ਬਿੱਲ 2025 ਲਾਗੂ ਹੋਣ ਨਾਲ ਬਿਜਲੀ ਖੇਤਰ ਅੰਦਰ ਮੁਕੰਮਲ ਨਿੱਜੀਕਰਨ ਲਾਗੂ ਹੋ ਜਾਵੇਗਾ, ਜਿਸ ਵਿੱਚ ਕਿਸੇ ਰਾਜ ਦੀ ਸਹਿਮਤੀ ਜਾਂ ਅਸਹਿਮਤੀ ਨਹੀਂ ਲਈ ਜਾਵੇਗੀ, ਇਸ ਨਾਲ ਹਰ ਤਰ੍ਹਾਂ ਦੇ ਖਪਤਕਾਰ ਨੂੰ ਮਿਲਦੀ ਮੁਫ਼ਤ ਬਿਜਲੀ ਬੰਦ ਹੋ ਜਾਵੇਗੀ। ਧਰਨੇ ਨੂੰ ਮੁੱਖ ਸਲਾਹਕਾਰ ਲੱਖਾ ਸਿੰਘ, ਕਾਨੂੰਨੀ ਸਲਾਹਕਾਰ ਜਤਿੰਦਰ ਸਿੰਘ, ਗੁਰਮੀਤ ਸਿੰਘ, ਬਿਕਰਮ ਸਿੰਘ, ਅਜੀਤ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਸੌਦਾਗਰ ਸਿੰਘ, ਰਜਿੰਦਰ ਕੁਮਾਰ, ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿਜੇ ਕੁਮਾਰ, ਸੁਰਿੰਦਰ ਮੱਲੀ, ਪਰਮਜੀਤ ਸਿੰਘ, ਦਿਲਬਰ ਸਿੰਘ ਅਤੇ ਸੰਦੀਪ ਨਾਗਪਾਲ ਨੇ ਸੰਬੋਧਨ ਕੀਤਾ।
ਖਰੜ (ਸ਼ਸ਼ੀ ਪਾਲ ਜੈਨ): ਖਰੜ ਅਤੇ ਕੁਰਾਲੀ ਡਿਵੀਜ਼ਨ ਦੇ ਬਿਜਲੀ ਕਾਮਿਆਂ ਵੱਲੋਂ ਖਰੜ ਡਿਵੀਜਨ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਦੁੱਮਣਾ ਮੈਂਬਰ ਜੁਆਇੰਟ ਫੋਰਮ ਪੰਜਾਬ, ਬਲਵਿੰਦਰ ਰਡਿਆਲਾ ਪ੍ਰਧਾਨ ਟੀ ਐੱਸ ਯੂ ਡਿਵੀਜ਼ਨ ਖਰੜ ਅਤੇ ਟੀ ਐੱਸ ਯੂ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ ਅਤੇ ਟੀ ਐੱਸ ਯੂ ਡਿਵੀਜ਼ਨ ਸੈਕਟਰੀ ਡਿਵੀਜ਼ਨ ਕੁਰਾਲੀ ਬਲਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਜ਼ਦੂਰ/ਮੁਲਾਜ਼ਮ ਵਿਰੋਧੀ 4 ਲੇਬਰ ਕੋਡ 21 ਨਵੰਬਰ ਤੋਂ ਧੱਕੇ ਨਾਲ ਲਾਗੂ ਕਰ ਦਿੱਤੇ ਹਨ ਜਿਸ ਨਾਲ ਸਾਡੇ ਸਾਰੇ ਹੱਕ ਹਕੂਕ ਖਤਰੇ ਵਿੱਚ ਪੈ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਰੂੁਪਨਗਰ ਥਰਮਲ ਪਲਾਂਟ ਅੱਗੇ ਰੋਸ ਰੈਲੀ
ਘਨੌਲੀ (ਜਗਮੋਹਨ ਸਿੰਘ): ਇੱਥੇ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਤੇ ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ (ਏਟਕ) ਅਤੇ ਆਰ ਟੀ ਪੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਸਾਂਝੀ ਰੋਸ ਰੈਲੀ ਕੀਤੀ ਗਈ। ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਅਧੀਨ ਕੀਤੀ ਇਸ ਰੈਲੀ ਦੌਰਾਨ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਖੱਣ ਸਿੰਘ, ਸਟੇਜ ਸਕਤੱਰ ਬੀਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਐਕਟ 2025 ਅਤੇ ਚਾਰ ਲੇਬਰ ਕੋਡ ਦਾ ਕਾਨੂੰਨ ਲਾਗੂ ਕਰਕੇ ਮਜ਼ਦੂਰ ਵਰਗ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੇਬਰ ਕੋਡ ਕਾਨੂੰਨ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਦੇ ਹਨ ਜਿਹਨਾਂ ਨੂੰ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ। ਰੋਸ ਰੈਲੀ ਨੂੰ ਦਵਿੰਦਰ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।
