ਮੀਂਹ ਕਾਰਨ ਆਲੂਆਂ ਦੀ ਲੁਆਈ ਪੱਛੜੀ
ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਝੋਨੇ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਧਰਤੀ ਉੱਤੇ ਡਿੱਗੇ ਹੋਏ ਝੋਨੇ ਵਿਚ ਪਾਣੀ ਭਰਨ ਨਾਲ ਝੋਨੇ ਦੇ ਦਾਣੇ ਉੱਗਣ ਦਾ ਖ਼ਤਰਾ ਹੈ। ਖੇਤਾਂ ਵਿਚ ਪਾਣੀ ਭਰਨ ਨਾਲ ਜ਼ੀਰੀ ਦੀ ਕਟਾਈ ਦਾ ਕੰਮ ਵੀ ਕਈਂ ਦਿਨ ਪ੍ਰਭਾਵਿਤ ਰਹੇਗਾ,ਕਿਉਂਕਿ ਖੇਤ ਸੁੱਕਣ ਮਗਰੋਂ ਹੀ ਕੰਬਾਈਨਾਂ ਖੇਤਾਂ ਵਿਚ ਵੜ੍ਹ ਸਕਣਗੀਆਂ।
ਕਿਸਾਨਾਂ ਨੇ ਦੱਸਿਆ ਕਿ ਤਾਜ਼ਾ ਮੀਂਹ ਕਾਰਨ ਆਲੂਆਂ ਦੀ ਲੁਆਈ ਵੀ ਪਛੜ ਗਈ ਹੈ। ਇਸੇ ਤਰ੍ਹਾਂ ਤਾਜ਼ਾ ਲਗਾਏ ਹੋਏ ਆਲੂਆਂ ਦੇ ਉੱਗਣ ਵਿਚ ਵੀ ਦਿੱਕਤ ਆਵੇਗੀ। ਕਿਸਾਨਾਂ ਨੇ ਦੱਸਿਆ ਕਿ ਗੋਭੀ ਤੇ ਹੋਰ ਸਬਜ਼ੀਆਂ ਵਾਲੇ ਡੂੰਘੇ ਖੇਤਾਂ ਵਿਚ ਪਾਣੀ ਭਰਨ ਨਾਲ ਕਾਫ਼ੀ ਨੁਕਸਾਨ ਹੋਵੇਗਾ।
ਇਸੇ ਦੌਰਾਨ ਬਨੂੜ ਦੀ ਮੰਡੀ ਦੇ ਸ਼ੈਡ ਦਾ ਪਾਣੀ ਜੀਰੀ ਵਾਲੇ ਫੜ੍ਹਾਂ ਵਿਚ ਵੜ੍ਹਨ ਨਾਲ ਝੋਨੇ ਦੀਆਂ ਢੇਰੀਆਂ ਥੱਲੇ ਪਾਣੀ ਭਰ ਗਿਆ। ਸਨੇਟਾ ਦੀ ਸੜਕ ਉੱਤੇ ਚੱਲ ਰਹੀ ਮੰਡੀ ਵਿਚ ਖਰੀਦੀਆਂ ਹੋਈਆਂ ਝੋਨੇ ਦੀਆਂ ਬੋਰੀਆਂ ਦੇ ਸਿਰਫ਼ ਉੱਪਰਲੇ ਪਾਸੇ ਢਕੇ ਹੋਣ ਕਾਰਨ ਆਲੇ ਦੁਆਲੇ ਤੋਂ ਬੋਰੀਆਂ ਭਿੱਜਦੀਆਂ ਰਹੀਆਂ। ਤੇਜ਼ ਹਵਾਵਾਂ ਕਾਰਨ ਬੋਰੀਆਂ ਦੀਆਂ ਕਈਂ ਢਿੱਗਾਂ ਨੰਗੀਆਂ ਹੋਣ ਕਾਰਨ ਵੀ ਮੀਂਹ ਨਾਲ ਨੁਕਸਾਨੀਆਂ ਗਈਆਂ। ਇਸੇ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਤਾਜ਼ਾ ਮੌਸਮ ਕਾਰਨ ਝੋਨੇ ਦੀ ਨਮੀ ਦੀ ਮਾਤਰਾ 17 ਤੋਂ ਵਧਾ ਕੇ 22 ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਦਰਪੇਸ਼ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਮਾਰ ਪਈ ਹੈ, ਪਹਿਲਾਂ ਹੜ੍ਹਾਂ ਨੇ ਕਾਫੀ ਨੁਕਸਾਨ ਕੀਤਾ ਤੇ ਹੁਣ ਬੇਮੌਸਮੀ ਮੀਂਹ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ।