ਲਾਲੜੂ ਨਗਰ ਕੌਂਸਲ ਵੱਲੋਂ 20 ਕਰੋੜ ਦਾ ਕਰਜ਼ਾ ਮੰਗਣ ’ਤੇ ਸਿਆਸਤ ਭਖ਼ੀ
ਇੱਥੇ ਅੱਜ ਲਾਲੜੂ ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਰਾਣਾ, ‘ਆਪ’ ਆਗੂ ਭੁਪਿੰਦਰ ਸਿੰਘ ਭਿੰਦਾ, ਗੁਰਪ੍ਰੀਤ ਸਿੰਘ ਵਿਰਕ ਨੇ ਪ੍ਰੈੱਸ ਕਾਨਫਰੰਸ ’ਚ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਖ਼ਿਲਾਫ਼ ਲਾਲੜੂ ਦੇ ਵਿਕਾਸ ਕਾਰਜਾਂ ’ਚ ਅੜਿੱਕਾ ਪਾਉਣ ਦੇ ਦੋਸ਼ ਲਾਏ ਹਨ।
ਜ਼ਿਕਰਯੋਗ ਹੈ ਕਿ ਲਾਲੜੂ ਨਗਰ ਕੌਂਸਲ ਨੇ ਇਕ ਮਤਾ ਪਾ ਕੇ ਜ਼ੀਰਕਪੁਰ ਨਗਰ ਕੌਂਸਲ ਤੋਂ 20 ਕਰੋੜ ਰੁਪਏ ਕਰਜ਼ੇ ਵਜੋਂ ਮੰਗੇ ਸੀ। ਇਸ ਸਬੰਧੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਇਕ ਬਿਆਨ ਦੇ ਕੇ ਕਿਹਾ ਸੀ ਕਿ ਜ਼ੀਰਕਪੁਰ ਨਗਰ ਕੌਂਸਲ ਤੋਂ ਪੈਸਾ ਮੰਗਣ ਦੀ ਥਾਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਲਾਲੜੂ ਦੇ ਵਿਕਾਸ ਲਈ ਸਰਕਾਰ ਤੋਂ ਪੈਸੇ ਲਿਆਉਣ।
ਇਸ ਦੇ ਜਵਾਬ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਕ ਪ੍ਰੋਗਰਾਮ ਦੌਰਾਨ ਦੀਪਇੰਦਰ ਢਿੱਲੋਂ ਨੂੰ ਲੋਕਾਂ ਵੱਲੋਂ ਸੱਤ ਵਾਰ ਨਕਾਰਿਆ ਹੋਇਆ ਆਗੂ ਕਰਾਰ ਦਿੱਤਾ। ਜਵਾਬ ਵਿੱਚ ਦੀਪਇੰਦਰ ਸਿੰਘ ਢਿੱਲੋਂ ਨੇ ਇਕ ਵੀਡੀਓ ਪਾ ਕੇ ਕਿਹਾ ਕਿ ਲੰਘੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਹਵਾ ਚੱਲ ਰਹੀ ਸੀ ਜਿਸ ਦੌਰਾਨ ਲੋਕਾਂ ਨੇ ਕਿਸੇ ਨੂੰ ਵੀ ਜਿੱਤਾ ਦਿੱਤਾ। ਉਨ੍ਹਾਂ ਕਿਹਾ ਕਿ ਰੰਧਾਵਾ ਹੁਣ ਮੁੜ ਕਦੇ ਕਿਸੇ ਪਿੰਡ ਦਾ ਪੰਚ ਵੀ ਨਹੀਂ ਬਣ ਸਕਦੇ। ਅੱਜ ‘ਆਪ’ ਆਗੂਆਂ ਨੇ ਦੀਪਇੰਦਰ ਸਿੰਘ ਢਿੱਲੋਂ ਨੂੰ ਹਲਕੇ ਵਿੱਚ ਕਿਸੇ ਸਰਪੰਚੀ, ਪੰਚੀ ਜਾਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜਨ ਦੀ ਚਿਤਾਵਨੀ ਦਿੱਤੀ।