ਪੁਲੀਸ ਨੇ ਏਕਤਾ ਯਾਤਰਾ ਕੱਢੀ
ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ‘ਰਾਸ਼ਟਰੀ ਏਕਤਾ ਦਿਵਸ’ ਵਜੋਂ ਮਨਾਇਆ ਗਿਆ। ਇਸ ਮੌਕੇ ਸ਼ਹਿਰ ਵਿੱਚ ਪੁਲੀਸ ਕਪਤਾਨ ਜਸਕੀਰਤ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ‘ਏਕਤਾ ਯਾਤਰਾ’ ਕੱਢੀ। ਇਸ ਵਿੱਚ ਉਪ ਪੁਲੀਸ ਕਪਤਾਨ ਗੁਰਦੀਪ ਸਿੰਘ ਸੰਧੂ, ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਥਾਣਾ ਅਮਲੋਹ ਮੁਖੀ ਬਲਜਿੰਦਰ ਸਿੰਘ, ਸਮਾਜ ਸੇਵੀ ਜਸਵੰਤ ਸਿੰਘ ਗੋਲਡ, ਭੂਸ਼ਨ ਸੂਦ, ਬ੍ਰਿਜ ਭੂਸ਼ਨ ਗਰਗ, ਦਵਿੰਦਰ ਸਿੰਘ ਭੱਦਲਥੂਹਾ, ਯਾਦਵਿੰਦਰ ਸਿੰਘ ਜਾਦੂ ਰੁੜਕੀ ਅਤੇ ਮੁਨਸ਼ੀ ਰਣਵੀਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਅਤੇ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਯਾਤਰਾ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਮੰਡੀ ਗੋਬਿੰਦਗੜ੍ਹ ਚੌਕ ’ਚ ਸਮਾਪਤ ਹੋਈ।
ਪਟੇਲ ਨੂੰ ਸਮਰਪਿਤ ‘ਰਨ ਫਾਰ ਯੂਨਿਟੀ’
ਪੰਚਕੂਲਾ: ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਮੌਕੇ ਪੰਚਕੂਲਾ ਵਿੱਚ ਜ਼ਿਲ੍ਹਾ ਪੱਧਰੀ ‘ਰਨ ਫਾਰ ਯੂਨਿਟੀ’ ਦਾ ਪ੍ਰਬੰਧ ਕੀਤਾ ਗਿਆ। ਵੱਡੀ ਗਿਣਤੀ ਨੌਜਵਾਨਾਂ, ਵਿਦਿਆਰਥੀਆਂ, ਖੇਡ ਪ੍ਰੇਮੀਆਂ ਤੇ ਹੋਰ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁੱਖ ਮਹਿਮਾਨ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਮੇਂ ਮੇਅਰ ਕੁਲਭੂਸ਼ਣ ਗੋਇਲ, ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਪੁਲੀਸ ਡਾਇਰੈਕਟਰ ਜਨਰਲ ਓ ਪੀ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਡਾ. ਸਾਕੇਤ ਕੁਮਾਰ, ਪੁਲੀਸ ਕਮਿਸ਼ਨਰ ਸਿਵਾਸ਼ ਕਵੀਰਾਜ, ਡੀ ਸੀ ਸਤਪਾਲ ਸ਼ਰਮਾ, ਡੀ ਸੀ ਸ੍ਰਿਸ਼ਟੀ ਗੁਪਤਾ ਸਣੇ ਹੋਰ ਅਧਿਕਾਰੀ ਮੌਜੂਦ ਸਨ। -ਪੱਤਰ ਪ੍ਰੇਰਕ
ਬਾਸ ’ਚ ਨਿਕਾਸੀ ਨਾਲੇ ਦੀ ਉਸਾਰੀ ਸ਼ੁਰੂ
ਨੰਗਲ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦਾ ਵਿਕਾਸ ਕਰਵਾ ਰਹੀ ਹੈ। ਮੰਤਰੀ ਦੇ ਯਤਨਾਂ ਸਦਕਾ ਪਿੰਡ ਬਾਸ ਤੋਂ ਸੁਆਮੀਪੁਰ ਖੇੜਾ ਬਾਗ ਤੱਕ ਲਗਪਗ 10 ਤੋਂ 18 ਫੁੱਟ ਚੌੜੀ ਸੜਕ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਪਾਣੀ ਦੇ ਨਿਕਾਸ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਵੀ ਹੱਲ ਕਰ ਦਿੱਤਾ ਗਿਆ ਹੈ। ਪੰਚਾਇਤ ਵੱਲੋਂ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਪੰਚਾਇਤ ਨੇ ਕਿਹਾ ਕਿ ਮੰਤਰੀ ਹਰਜੋਤ ਬੈਂਸ ਵੱਲੋਂ ਇਲਾਕੇ ਦੇ ਵਿਕਾਸ ਲਈ ਦਿੱਤੀ ਜਾ ਰਹੀ ਸਹਾਇਤਾ ਸ਼ਲਾਘਾਯੋਗ ਹੈ। ਇਸ ਮੌਕੇ ਸਰਪੰਚ ਰਾਜ, ਯੁੱਧ ਨਸ਼ਿਆਂ ਵਿਰੁੱਧ ਦੇ ਹਲਕਾ ਕੋਆਰਡੀਨੇਟਰ ਹਿਤੇਸ਼ ਕੁਮਾਰ ਪੰਚ, ਅੰਜੂ ਬਾਲਾ ਪੰਚ, ਸ਼ਿਵ ਕੁਮਾਰ, ਮਾਸਟਰ ਬਾਸੂਦੇਵ, ਸੰਜੂ, ਅਮਨ, ਆਸ਼ੂ, ਗਣੇਸ਼ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ
ਮਾਤਾ ਸੱਤਿਆ ਦੇਵੀ ਆਸ਼ਰਮ ’ਚ ਮੈਡੀਕਲ ਕੈਂਪ
ਚਮਕੌਰ ਸਾਹਿਬ: ਇੱਥੇ ਮਾਤਾ ਸੱਤਿਆ ਦੇਵੀ ਮੈਮੋਰੀਅਲ ਆਸ਼ਰਮ ਵਿੱਚ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਆਸ਼ਰਮ ਦੇ ਚੇਅਰਮੈਨ ਪ੍ਰੋ. ਆਰ ਸੀ ਢੰਡ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਸੁਮਿਤਾ ਅਤੇ ਡਾ. ਨੀਰੂ ਨੇ ਤਿੰਨ ਦਰਜਨ ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਡਾਕਟਰਾਂ ਨੇ ਖ਼ਾਸਕਰ ਬਜ਼ੁਰਗਾਂ ਨੂੰ ਸਰਦੀ ਵਿੱਚ ਆਉਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਤੇ ਬਚਾਅ ਲਈ ਜਾਗਰੂਕ ਕੀਤਾ। ਚੇਅਰਮੈਨ ਢੰਡ ਨੇ ਸੀ ਜੇ ਐੱਮ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਮੈਨੇਜਰ ਆਸ਼ਾ ਰਾਣੀ, ਹਰਸ਼ ਢੰਡ, ਕੈਪਟਨ ਹਰਪਾਲ ਸਿੰਘ, ਡਾ. ਰਾਜਪਾਲ ਚੌਧਰੀ, ਡਾ. ਸੁਦੇਸ਼ ਸ਼ਰਮਾ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਰਤਵਾੜਾ ਸਾਹਿਬ ਵਿੱਚ ਗੁਰਮਤਿ ਸਮਾਗਮ
ਮੁੱਲਾਂਪੁਰ ਗਰੀਬਦਾਸ: ਰਤਵਾੜਾ ਸਾਹਿਬ ਵਿੱਚ ਹੋਏ ਗੁਰਮਤਿ ਸਮਾਗਮ ਦੌਰਾਨ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਸੰਤ ਵਰਿਆਮ ਸਿੰਘ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਕਾਰਜਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ। ਇਸ ਤੋਂ ਇਲਾਵਾ ਰਾਗੀ ਭਾਈ ਗੁਰਪ੍ਰੀਤ ਸਿੰਘ ਫ਼ਰੀਦਕੋਟ, ਭਾਈ ਮੱਖਣ ਸਿੰਘ ਮੁਨੀਲਾ, ਬਾਬਾ ਸਤਨਾਮ ਸਿੰਘ ਖੂਬੀਆ ਨੰਗਲ (ਯੂ ਪੀ), ਭਾਈ ਗੁਰਚਰਨ ਸਿੰਘ ਪਟਿਆਲਾ ਆਦਿ ਨੇ ਵੀ ਕੀਰਤਨ ਕੀਤਾ। ਭਾਈ ਜਸਵੰਤ ਸਿੰਘ ਤੇ ਡਾ. ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਨਵੰਬਰ ਨੂੰ ਅੰਮ੍ਰਿਤ ਸੰਚਾਰ ਹੋਣਗੇ। ਇਸ ਦੌਰਾਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਜਗਮੋਹਨ ਸਿੰਘ ਕੰਗ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। -ਪੱਤਰ ਪ੍ਰੇਰਕ
ਕਮਿਊਨਿਟੀ ਸੈਂਟਰ ਵਿੱਚੋਂ ਸਾਮਾਨ ਚੋਰੀ
ਖਰੜ: ਸ਼ਿਵਾਲਿਕ ਸਿਟੀ ਖਰੜ ਸੈਕਟਰ-127 ਦੇ ਕਮਿਊਨਿਟੀ ਸੈਂਟਰ ਵਿੱਚ ਅਣਪਛਾਤੇ ਖਿੜਕੀ ਤੋੜ ਕੇ ਬਾਥਰੂਮ ’ਚੋਂ ਟੂਟੀਆਂ ਚੋਰੀ ਕਰ ਕੇ ਲੈ ਗਏ। ਸ਼ਿਵਾਲਿਕ ਸਿਟੀ ਰੈਂਜੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਿਊਸ਼ ਵਿਜ ਨੇ ਦੱਸਿਆ ਕਿ ਇਸ ਸਬੰਧੀ ਖਰੜ ਸਿਟੀ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ। -ਪੱਤਰ ਪ੍ਰੇਰਕ
