ਅਪਰਾਧੀਆਂ ਖ਼ਿਲਾਫ਼ ਸਖ਼ਤ ਹੋਈ ਪੁਲੀਸ
ਪੰਚਕੂਲਾ ਪੁਲੀਸ ਨੇ ਜ਼ਿਲ੍ਹੇ ਵਿੱਚ ਅਪਰਾਧ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਨਵੀਂ ਮੁਹਿੰਮ, ਅਪਰੇਸ਼ਨ ਹੌਟ-ਸਪੌਟ ਡੌਮੀਨੇਸ਼ਨ ਸ਼ੁਰੂ ਕੀਤਾ ਹੈ। ਪੁਲੀਸ ਉਨ੍ਹਾਂ ਖੇਤਰਾਂ ਤੱਕ ਪਹੁੰਚ ਕਰ ਰਹੀ ਹੈ ਜਿੱਥੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਜੂਆ, ਸੱਟੇਬਾਜ਼ੀ ਅਤੇ ਔਰਤਾਂ ਨਾਲ ਛੇੜਛਾੜ ਦਾ ਸ਼ੱਕ ਹੈ। ਪੰਚਕੂਲਾ ਦੇ ਸੈਕਟਰ 1 ਦੇ ਪੁਲੀਸ ਕਮਿਸ਼ਨਰ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਡੀ ਸੀ ਪੀ ਸ੍ਰਿਸ਼ਟੀ ਗੁਪਤਾ ਨੇ ਕਿਹਾ ਕਿ ਪਛਾਣੇ ਗਏ ਖੇਤਰਾਂ ਵਿੱਚ ਛਾਪੇ ਮਾਰੇ ਜਾਣਗੇ ਤੇ ਪੈਦਲ ਗਸ਼ਤ ਵਧਾਈ ਜਾਵੇਗੀ। ਪੁਲੀਸ ਨੇ ਪਹਿਲਾਂ ਹੀ ਕਈ ਖੇਤਰਾਂ ਦੀ ਪਛਾਣ ਕਰ ਲਈ ਹੈ ਅਤੇ ਸ਼ੱਕੀਆਂ ਦੀ ਨਿਗਰਾਨੀ ਲਈ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਰਾਹੀਂ ਤਸਦੀਕ ਮੁਹਿੰਮਾਂ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਖੋਖੇ ਨੂੰ ਅੱਗ ਲੱਗੀ
ਖਰੜ: ਖਰੜ ਦੇ ਗਾਂਧੀ ਬਾਜ਼ਾਰ ਵਿੱਚ ਸਥਿਤ ਸਿਕੰਦਰ ਲਾਲ ਲੁਥਰਾ ਦੇ ਖੋਖੇ ਨੂੰ ਬੀਤੀ ਰਾਤ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਸੂੁਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਫਾਇਰ ਬਿਗ੍ਰੇਡ ਨੂੰ ਬੁਲਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਖੋਖਾ ਸੜ ਗਿਆ ਸੀ। ਇਸ ਸਬੰਧੀ ਸਿਕੰਦਰ ਲਾਲ ਲੁਥਰਾ ਨੇ ਖਰੜ ਥਾਣੇ ’ਤੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ
