ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਕਿਸਾਨ ਆਗੂ ਹਿਰਾਸਤ ਵਿੱਚ ਲਏ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 5 ਮਈ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਸੱਦੇ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਯੂਨੀਅਨ (ਡੱਲੇਵਾਲ) ਵੱਲੋਂ ਭਲਕੇ 6 ਮਈ ਨੂੰ ਸ਼ੰਭੂ ਥਾਣੇ ਦਾ ਘਿਰਾਓ ਕਰਨ ਦੇ ਉਲੀਕੇ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਪੰਜਾਬ ਪੁਲੀਸ ਨੇ ਕਮਰ ਕੱਸ ਲਈ ਹੈ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਪੁਲੀਸ ਵੱਲੋਂ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਕਿਸਾਨ ਆਗੂ ਹਰਦੀਪ ਸਿੰਘ ਬਲਟਾਣਾ, ਕੁਲਦੀਪ ਸਿੰਘ ਕੁਰੜੀ, ਬਲਾਕ ਪ੍ਰਧਾਨ ਤਰਲੋਚਨ ਸਿੰਘ ਨੰਡਿਆਲੀ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰਨਾਂ ਕਿਸਾਨਾਂ ਆਗੂਆਂ ਦੇ ਘਰਾਂ ਵਿੱਚ ਵੀ ਪੁਲੀਸ ਟੀਮਾਂ ਨੇ ਦਸਤਕ ਦਿੱਤੀ ਹੈ ਅਤੇ ਕਿਸਾਨਾਂ ਨੂੰ ਸਾਫ਼ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸ਼ੰਭੂ ਥਾਣੇ ਦੇ ਘਿਰਾਓ ਲਈ ਉਲੀਕੇ ਪ੍ਰੋਗਰਾਮ ਦਾ ਹਿੱਸਾ ਨਾ ਬਣਨ। ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਧਰ, ਜ਼ਿਲ੍ਹਾ ਪੁਲੀਸ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ, ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ, ਜੱਸੀ ਘੜੂੰਆਂ, ਹਕੀਕਤ ਸਿੰਘ ਧਨੋਆ, ਬਲਜਿੰਦਰ ਸਿੰਘ ਘਨੌਲੀ, ਬੰਤ ਸਿੰਘ ਭੁੱਖੜੀ, ਹਰਿੰਦਰ ਸਿੰਘ ਪੋਪਨਾ, ਹਰੀ ਬਚਨ ਸਿੰਘ ਰੰਗੀਆ ਸਮੇਤ ਕਈ ਹੋਰਨਾਂ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਬਾਰੇ ਵੀ ਪਤਾ ਲੱਗਾ ਹੈ।
ਕਈ ਆਗੂ ਰੂਪੋਸ਼; ਪੁਲੀਸ ਛਾਪਿਆਂ ਖ਼ਿਲਾਫ਼ ਨਾਅਰੇਬਾਜ਼ੀ
ਬਨੂੜ (ਕਰਮਜੀਤ ਸਿੰਘ ਚਿੱਲਾ): ਕਿਸਾਨ ਮਜ਼ਦੂਰ ਮੋਰਚਾ ਅਤੇ ਐੱਸਕੇਐੱਮ (ਗੈਰ-ਰਾਜਨੀਤਕ) ਵੱਲੋਂ 6 ਮਈ ਨੂੰ ਸ਼ੰਭੂ ਥਾਣੇ ਅੱਗੇ ਕੀਤੀ ਜਾਣ ਵਾਲੀ ਇਕੱਤਰਤਾ ਨੂੰ ਅਸਫ਼ਲ ਕਰਨ ਲਈ ਪੁਲੀਸ ਨੇ ਬਨੂੜ ਖੇਤਰ ਵਿਚ ਕਈ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੇ ਛਾਪਿਆਂ ਦੀ ਭਿਣਕ ਪੈਂਦਿਆਂ ਹੀ ਕਈ ਆਗੂ ਰੂਪੋਸ਼ ਹੋ ਗਏ। ਪਿੰਡ ਖਲੌਰ ਵਿਖੇ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਖਜ਼ਾਨਚੀ ਨੰਬਰਦਾਰ ਸਤਨਾਮ ਸਿੰਘ ਸੱਤਾ ਯੂਨੀਅਨ ਦੇ ਸੂਬਾਈ ਆਗੂਆਂ ਦੀਆਂ ਪੰਜਾਬ ਭਰ ਵਿਚ ਕੀਤੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਦਿਆਂ ਇਸ ਨੂੰ ਸਾਂਤਮਈ ਪ੍ਰਦਰਸ਼ਨ ਦੇ ਲੋਕਤੰਤਰੀ ਹੱਕਾਂ ’ਤੇ ਡਾਕਾ ਕਰਾਰ ਦਿੱਤਾ। ਪੁਲੀਸ ਵੱਲੋਂ ਅੱਜ ਸਵੇਰੇ ਪੰਜ ਵਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਨੰਡਿਆਲੀ ਨੂੰ ਉਸ ਦੇ ਘਰੋਂ ਚੁੱਕ ਲਿਆ। ਇਸੇ ਤਰ੍ਹਾਂ ਕੁਰੜੀ ਤੋਂ ਕੁਲਦੀਪ ਸਿੰਘ ਨੂੰ ਚੁੱਕਿਆ ਗਿਆ। ਸਿਆਊ ਵਿਖੇ ਰਾਜੇਵਾਲ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਉਧਰ, ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬਨੂੜ ਪੁਲੀਸ ਵੱਲੋਂ ਸਿਰਫ਼ ਤਰਲੋਚਨ ਸਿੰਘ ਨੰਡਿਆਲੀ ਨੂੰ ਹੀ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਕੋਈ ਫੜੋ-ਫ਼ੜੀ ਨਹੀਂ ਕੀਤੀ ਗਈ।
ਕਿਸਾਨਾਂ ਨੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ
ਰੂਪਨਗਰ (ਜਗਮੋਹਨ ਸਿੰਘ): ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ 6 ਮਈ ਦਿਨ ਨੂੰ ਸ਼ੰਭੂ ਥਾਣੇ ਦੇ ਘਿਰਾਓ ਦੇ ਦਿੱਤੇ ਸੱਦੇ ਨੂੰ ਕਮਜੋਰ ਕਰਨ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਰੋਸ ਵੱਜੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਪਿੰਡ ਸਿੰਘ ਨੇੜੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਭੁਪਿੰਦਰ ਸਿੰਘ ਡੇਕਵਾਲਾ, ਗੁਰਨਾਮ ਸਿੰਘ ਜੱਸੜਾਂ, ਮਲਕੀਤ ਸਿੰਘ ਕਕਰਾਲੀ ਦੋਸ਼ ਲਾਇਆ ਕਿ ਪੁਲੀਸ ਨੇ ਕਿਸਾਨ ਆਗੂਆਂ ਗੁਰਿੰਦਰ ਸਿੰਘ ਭੰਗੂ, ਕੁਲਵਿੰਦਰ ਸਿੰਘ ਪੰਜੋਲਾ, ਮਨਪ੍ਰੀਤ ਸਿੰਘ ਗਿੱਲ, ਮਨਵੀਰ ਸਿੰਘ ਰਤਨਹੇੜੀ, ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ ਅਤੇ ਜਗਰੂਪ ਸਿੰਘ ਮੀਆਂਪੁਰ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ ਹੈ ।