ਕਾਰ ’ਤੇ ਖੰਭਾ ਡਿੱਗਿਆ, ਬਿਰਧ ਜ਼ਖ਼ਮੀ
ਇੱਥੋਂ ਦੀ ਪਟਿਆਲਾ ਰੋਡ ’ਤੇ ਗੁਰਦੁਆਰਾ ਨਾਭਾ ਸਾਹਿਬ ਵਲ ਜਾਣ ਵਾਲੇ ਮੋੜ ’ਤੇ ਅੱਜ ਇਕ ਟਰੱਕ ਬਿਜਲੀ ਦੀ ਤਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਖੰਭਾ ਟੁੱਟ ਕੇ ਖੜ੍ਹੀ ਕਾਰ ’ਤੇ ਡਿੱਗ ਗਿਆੇ। ਹਾਦਸੇ ਦੌਰਾਨ ਕਾਰ ਵਿੱਚ ਬੈਠਾ ਬਜ਼ੁਰਗ ਜ਼ਖ਼ਮੀ ਹੋ ਗਿਆ ਅਤੇ ਕਾਰ ਵੀ ਬੁਰੀ ਤਰਾਂ ਨੁਕਸਾਨੀ ਗਈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਇਕ ਟਰੱਕ ਪਟਿਆਲਾ ਰੋਡ ਤੋਂ ਪਿੰਡ ਨਾਭਾ ਸਾਹਿਬ ਵੱਲ ਮੁੜ ਰਿਹਾ ਸੀ। ਇਸ ਦੌਰਾਨ ਅਚਾਨਕ ਉਹ ਉੱਪਰੋਂ ਲੰਘ ਰਹੀਆਂ ਤਾਰਾਂ ਵਿੱਚ ਉੱਲਝ ਗਿਆ। ਚਾਲਕ ਨੇ ਜਦ ਟਰੱਕ ਅੱਗੇ ਪਿੱਛੇ ਕੀਤਾ ਤਾਂ ਤਾਰਾਂ ਖੰਭੇ ਸਣੇ ਟੁੱਟ ਕੇ ਖੜ੍ਹੀ ਕਾਰ ’ਤੇ ਡਿੱਗ ਗਈਆਂ। ਕਾਰ ਵਿੱਚ ਬੈਠਾ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਖੁਸ਼ ਜਿੰਦਲ ਵਜੋਂ ਹੋਈ। ਕਾਰ ਵਿੱਚ ਬਜ਼ੁਰਗ ਦਾ ਲੜਕਾ, ਨੂੰਹ ਅਤੇ ਪੋਤਾ ਬੈਠੇ ਸੀ, ਜੋ ਵਾਲ-ਵਾਲ ਬਚ ਗਏ। ਬਿਜਲੀ ਦੀ ਤਾਰਾਂ ਟੁੱਟਣ ਨਾਲ ਲੋਹਗੜ੍ਹ, ਵੀ ਆਈ ਪੀ ਰੋਡ, ਗ੍ਰੀਨ ਲੋਟਸ, ਦਿਆਲਪੁਰਾ ਸਮੇਤ ਪੰਜ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਪਾਵਰਕੌਮ ਦੇ ਐੱਸ ਡੀ ਓ ਰਾਕੇਸ਼ ਭਾਟੀਆ ਨੇ ਦੱਸਿਆ ਕਿ ਪੁਲੀਸ ਕੋਲ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ।
