ਨਵੀਂ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨਾਂ ਨਾ ਦੇਣ ਦਾ ਅਹਿਦ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 14 ਜੁਲਾਈ
ਮੁਹਾਲੀ ਦੇ ਐਰੋਟ੍ਰੋਪੋਲਿਸ ਫੇਜ਼ ਦੋ ਦੇ ਵਿਸਥਾਰ ਲਈ ਜ਼ਮੀਨ ਐਕੁਵਾਇਰ ਕਰਨ ਵਾਲੇ ਪਿੰਡਾਂ ਕਿਸ਼ਨਪੁਰਾ, ਬੜੀ, ਸਿਆਊ, ਪੱਤੋਂ, ਮਟਰਾਂ, ਝੁੰਗੀਆਂ, ਕੁਰੜੀ ਦੇ ਸਰਪੰਚਾਂ ਅਤੇ ਹੋਰ ਮੋਹਤਬਰ ਕਿਸਾਨਾਂ ਦੀ ਮੀਟਿੰਗ ਪਿੰਡ ਪੱਤੋਂ ਵਿੱਚ ਸਾਬਕਾ ਸਰਪੰਚ ਹਰਮਿੰਦਰ ਸਿੰਘ ਪੱਤੋਂ ਦੇ ਘਰ ਹੋਈ। ਇਸ ਮੌਕੇ ਨਵੀਂ ਪੂਲਿੰਗ ਨੀਤੀ ਤਹਿਤ ਗਮਾਡਾ ਨੂੰ ਕਿਸੇ ਵੀ ਕੀਮਤ ’ਤੇ ਜ਼ਮੀਨ ਨਾ ਦੇਣ ਦਾ ਅਹਿਦ ਲਿਆ ਗਿਆ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਜੇਕਰ ਗਮਾਡਾ ਜਾਂ ਸਰਕਾਰ ਨੇ ਜਬਰਦਸਤੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡਾਂ ਦੀ ਸੰਘਰਸ਼ ਕਮੇਟੀ ਬਣਾ ਕੇ ਵੱਡਾ ਸੰਘਰਸ਼ ਆਰੰਭਿਆ ਜਾਵੇਗਾ।
ਇਸ ਮੌਕੇ ਹਰਮਿੰਦਰ ਸਿੰਘ ਪੱਤੋਂ, ਗੁਰਪ੍ਰਤਾਪ ਸਿੰਘ ਬੜੀ, ਨਾਹਰ ਸਿੰਘ ਸਰਪੰਚ ਕੁਰੜੀ, ਸਰਪੰਚ ਨੀਲਮ ਕਿਸ਼ਨਪੁਰਾ, ਗੁਰਜਿੰਦਰ ਸਿੰਘ, ਸੁਖਜੰਟ ਸਿੰਘ, ਹਰਿੰਦਰ ਸਿੰਘ, ਮਨਿੰਦਰ ਸਿੰਘ ਨੰਬਰਦਾਰ, ਤਰਸੇਮ ਸਿੰਘ ਨੰਬਰਦਾਰ, ਸੁਖਜੀਤ ਸਿੰਘ, ਬਲਬੀਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਜੰਟ ਸਿੰਘ ਸਰਪੰਚ ਅਤੇ ਹਰਕਿਰਤ ਸਿੰਘ ਪੰਚ ਨੇ ਦੱਸਿਆ ਕਿ ਐਰੋਟ੍ਰੋਪੋਲਿਸ ਫੇਜ਼ ਦੋ ਅਧੀਨ ਡੀ, ਈ, ਐੱਫ, ਜੀ, ਐੱਚ ਅਤੇ ਆਈ ਪੈਕਿਟਾਂ ਅਧੀਨ ਜ਼ਮੀਨ ਲੈਣ ਲਈ ਨੋਟਿਸ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ।
ਕਿਸਾਨਾਂ ਨੇ ਕਿਹਾ ਕਿ ਗਮਾਡਾ ਕਿਸਾਨਾਂ ਦਾ ਭਰੋਸਾ ਗੁਆ ਚੁੱਕਿਆ ਹੈ। ਪਹਿਲਾਂ ਐਕੁਆਇਰ ਜ਼ਮੀਨਾਂ ਲਈ ਕਿਸਾਨਾਂ ਨੂੰ ਲੈਂਡ ਪੂਲਿੰਗ ਦੇਣ ਸਮੇਂ ਘੱਟ ਅਹਿਮੀਅਤ ਵਾਲੀਆਂ ਰਿਹਾਇਸ਼ੀ ਤੇ ਵਪਾਰਿਕ ਥਾਵਾਂ ਦਿੱਤੀਆਂ ਗਈਆਂ ਹਨ। ਮਕਾਨਾਂ, ਦਰੱਖਤਾਂ, ਟਿਊਬਵੈੱਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਕਿਸਾਨਾਂ ਨੇ ਕਿਹਾ ਕਿ ਨਵੀਂ ਲੈਂਡ ਪੂਲਿੰਗ ਨੀਤੀ ਕਿਸਾਨ ਵਿਰੋਧੀ ਹੈ, ਜਿਸ ਨਾਲ ਕਿਸਾਨ ਨੂੰ ਟੈਕਸਾਂ ਦੀ ਮਾਰ ਵੀ ਝੱਲਣੀ ਪਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਨੀਤੀ ਤਹਿਤ ਆਪਣੀਆਂ ਜ਼ਮੀਨਾਂ ਬਿਲਕੁਲ ਨਹੀਂ ਦੇਣਗੇ।