ਪੰਚਕੂਲਾ ਨੇੜੇ ਸ਼ਰਧਾਲੂਆਂ ਵਾਲੀ ਪਿਕਅੱਪ ਪਲਟੀ; ਇੱਕ ਮੌਤ, 30 ਤੋਂ ਵੱਧ ਜ਼ਖ਼ਮੀ
ਮਾਤਾ ਮਨਸਾ ਦੇਵੀ ਮੰਦਿਰ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਮਹਿੰਦਰਾ ਪਿਕਅੱਪ ਦੇਰ ਰਾਤ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ। ਇਸ ਵਿੱਚ 35 ਤੋਂ ਵੱਧ ਸ਼ਰਧਾਲੂ ਸਵਾਰ ਸਨ। ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 30 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਪੰਚਕੂਲਾ ਸੈਕਟਰ-6 ਹਸਪਤਾਲ ਲਿਜਾਇਆ ਗਿਆ, ਜਿੱਥੋਂ ਇੱਕ ਦਰਜਨ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਪੀਜੀਆਈ ਅਤੇ ਸੈਕਟਰ-32 ਹਸਪਤਾਲ ਰੈਫਰ ਕੀਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲੀਸ ਮੌਕੇ ’ਤੇ ਪਹੁੰਚ ਗਈ।
ਜਾਣਕਾਰੀ ਅਨੁਸਾਰ, ਸਾਰੇ ਸ਼ਰਧਾਲੂ ਜ਼ੀਰਕਪੁਰ ਦੇ ਭਬਾਤ ਪਿੰਡ ਦੇ ਰਹਿਣ ਵਾਲੇ ਸਨ ਅਤੇ ਮਾਤਾ ਮਨਸਾ ਦੇਵੀ ਮੰਦਿਰ ਤੋਂ ਵਾਪਸ ਆ ਰਹੇ ਸਨ। ਪੁਰਾਣੇ ਪੰਚਕੂਲਾ ਤੋਂ ਅੱਗੇ ਮੋੜ ਲੈਣ ਦੌਰਾਨ ਡਰਾਈਵਰ ਵਾਹਨ ’ਤੇ ਕੰਟਰੋਲ ਗੁਆ ਬੈਠਾ ਤੇ ਮਹਿੰਦਰਾ ਪਿਕਅੱਪ ਪਲਟ ਗਈ। ਹਾਦਸੇ ਵਿਚ ਜ਼ੀਰਕਪੁਰ ਵਾਸੀ ਰਾਜ(18) ਦੀ ਮੌਤ ਹੋ ਗਈ। ਉਹ ਜ਼ੀਕਰਪੁਰ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ। ਇਸੇ ਹਾਦਸੇ ਵਿੱਚ ਗੌਰਵ ਨਾਂ ਦੇ ਇੱਕ ਨੌਜਵਾਨ ਦਾ ਹੱਥ ਕੱਟ ਗਿਆ ਕਿਉਂਕਿ ਉਸ ਦਾ ਹੱਥ ਜੀਪ ਹੇਠਾਂ ਆ ਗਿਆ ਸੀ।
ਡਾ. ਮਨਿੰਦਰ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਤਿੰਨ - ਇੱਕ ਅਣਪਛਾਤਾ ਵਿਅਕਤੀ (40 ਸਾਲ), ਅਮਿਤ (17 ਸਾਲ) ਅਤੇ ਗੌਰਵ (11 ਸਾਲ) - ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਸ਼ਾਮ ਸੁੰਦਰ (32), ਵਿਜੇ (20), ਰਿਸ਼ੂ (12) ਅਤੇ ਪ੍ਰਿੰਸ (18) ਨੂੰ ਸੈਕਟਰ 32 ਹਸਪਤਾਲ ਰੈਫਰ ਕੀਤਾ ਗਿਆ ਹੈ। ਜਦਕਿ ਕਾਜਲ (20), ਰੇਣੂ ਦੇਵੀ (20), ਕੰਵਰ ਪਾਲ (28), ਅੰਕੁਸ਼ (15), ਨਿਰਦੋਸ਼ ਕੁਮਾਰ (45), ਧਰਮਿੰਦਰ (35), ਨਿਤੀਸ਼ (18), ਰਾਮਕ੍ਰਿਸ਼ਨ (24), ਅਮਨ ਕੁਮਾਰ (9), ਦਰਸ਼ਨ (11), ਸ਼ਿਵਮ (22), ਰਿਤਿਕ ਸਿੰਘ (8), ਕਮਰਾ ਸਿੰਘ (38), ਰੇਖਾ ਸਿੰਘ (40), ਉਮੇਸ਼ (50), ਪਿੰਟੂ (27), ਅੰਮ੍ਰਿਤ (15), ਅਤੇ ਹੋਰਾਂ ਦਾ ਪੰਚਕੂਲਾ ਸੈਕਟਰ 6 ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਮਾਜ ਸੇਵੀ ਸੋਨੂੰ ਸੇਠੀ ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ। ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਸਹੀ ਇਲਾਜ ਦਾ ਭਰੋਸਾ ਦਿੱਤਾ ਹੈ।
ਦੂਜੇ ਪਾਸੇ ਇੱਕ ਸ਼ਰਧਾਲੂ, ਜੋ ਦੰਡਵਤ ਕਰਦਾ ਹੋਇਆ ਮਾਤਾ ਦੇ ਜਾ ਰਿਹਾ ਸੀ, ਨੂੰ ਇੱਕ ਕਾਰ ਚਾਲਕ ਨੇ ਕੁਚਲ ਦਿੱਤਾ। ਹਾਦਸੇ ਮਗਰੋਂ ਡਰਾਈਵਰ ਮੌਕੇ ਤੋਂ ਭੱਜ ਗਿਆ। ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਕੈਪਸ਼ਨ: ਪੰਚਕੂਲਾ ਦੇ ਸੈਕਟਰ 6 ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖ਼ਮੀ।