ਪੀ ਜੀ ਆਈ ਐੱਮ ਈ ਆਰ ਭਾਰਤ ਦਾ ਦੂਜਾ ਵਧੀਆ ਮੈਡੀਕਲ ਸੰਸਥਾਨ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ ਆਈ ਆਰ ਐੱਫ )-2025 ਵਿੱਚ ਇੱਕ ਵੱਡਾ ਮੀਲ ਪੱਥਰ ਪ੍ਰਾਪਤ ਕਰਦਿਆਂ ਦੇਸ਼ ਦੀਆਂ ਸਾਰੀਆਂ ਸਟੇਟ ਪਬਲਿਕ ਯੂਨੀਵਰਸਿਟੀਆਂ ਵਿੱਚੋਂ ਤੀਜਾ ਅਤੇ ਫਾਰਮੇਸੀ ਸੰਸਥਾਵਾਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਪੀ ਯੂ ਦੇ ਵਾਈਸ-ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਇੱਕ ਵੱਡੀ ਪ੍ਰਾਪਤੀ ਹੈ ਅਤੇ ਸਾਲ-2024 ਵਿੱਚ ਕ੍ਰਮਵਾਰ 5ਵੇਂ ਅਤੇ 7ਵੇਂ ਸਥਾਨ ਤੋਂ ਮਹੱਤਵਪੂਰਨ ਵਾਧਾ ਹੈ। ਇਹ ਰੈਂਕਿੰਗ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਜਾਰੀ ਕੀਤੀ ਗਈ। ਪ੍ਰੋ. ਵਿੱਗ ਨੇ ਇਸ ਪ੍ਰਾਪਤੀ ਲਈ ’ਵਰਸਿਟੀ ਦੀ ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਨੇ ਇਸ ਰੈਂਕਿੰਗ ਵਿੱਚ ਰਾਜ ਦੀਆਂ ਯੂਨੀਵਰਸਿਟੀਆਂ ਅਤੇ ਫਾਰਮੇਸੀ ਸੰਸਥਾਵਾਂ ਦੋਵਾਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸਾਡੀ ਯੂਨੀਵਰਸਿਟੀ, ਸਮੁੱਚੇ ਤੌਰ ’ਤੇ ਇੰਜਨੀਅਰਿੰਗ ਅਤੇ ਹੋਰ ਦਰਜਾਬੰਦੀਆਂ ਵਿੱਚ ਸੁਧਾਰ ਜਾਰੀ ਰੱਖਦੀ ਹੈ। ਉਨ੍ਹਾਂ ਨੇ ਪਿਛਲੇ ਦੋ ਸਾਲਾਂ ਵਿੱਚ ਆਪਣੀ ਸਾਰੀ ਰੈਂਕਿੰਗ ਵਿੱਚ ਹੋਏ ਮਹੱਤਵਪੂਰਨ ਸੁਧਾਰਾਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਰਾਸ਼ਟਰੀ ਅਤੇ ਵਿਸ਼ਵਵਿਆਪੀ ਅਕਾਦਮਿਕ ਨਕਸ਼ੇ ਦੋਵਾਂ ’ਤੇ ਪੀ.ਯੂ. ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ ਜੀ ਆਈ ਐੱਮ ਈ ਆਰ ), ਚੰਡੀਗੜ੍ਹ ਨੇ ਇੱਕ ਵਾਰ ਫਿਰ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ ਆਈ ਆਰ ਐੱਫ ) 2025 ਦੀ ਮੈਡੀਕਲ ਸ਼੍ਰੇਣੀ ਵਿੱਚ ਦੂਜਾ ਦਰਜਾ ਪ੍ਰਾਪਤ ਕਰਕੇ ਦੇਸ਼ ਦੀਆਂ ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਵਿੱਚ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਇਸ ਦਾ ਐਲਾਨ ਅੱਜ ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕੀਤਾ। ਪੀ ਜੀ ਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਆਪਣੇ ਸੰਸਥਾਨ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਮਰੀਜ਼ਾਂ ਦੀ ਦੇਖਭਾਲ, ਡਾਕਟਰੀ ਸਿੱਖਿਆ ਅਤੇ ਮਾਰਗ-ਦਰਸ਼ਕ ਖੋਜ ਪ੍ਰਤੀ ਸੰਸਥਾ ਦੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ।