ਪੀਜੀਆਈ: ਮੀਂਹ ਦਾ ਪਾਣੀ ਵਾਰਡ ’ਚ ਦਾਖਲ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਕੁਝ ਖੇਤਰਾਂ ਵਿੱਚ ਅੱਜ ਬਾਅਦ ਦੁਪਹਿਰ ਅਚਾਨਕ ਤੇਜ਼ ਬਾਰਿਸ਼ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ ਉਥੇ ਹੀ ਪੀਜੀਆਈ ਨੂੰ ਵੀ ਪਾਣੀ ਦੀ ਕਾਫ਼ੀ ਮਾਰ ਝੱਲਣੀ ਪਈ। ਇੱਥੋਂ ਦੇ ਨਹਿਰੂ ਹਸਪਤਾਲ ਅੰਦਰ ਬਾਰਿਸ਼ ਦਾ ਪਾਣੀ ਵੜ ਗਿਆ ਜਿਸ ਕਾਰਨ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਆਪਣੇ ਬੂਟ ਖੋਲ੍ਹ ਕੇ ਨੰਗੇ ਪੈਰੀ ਜਾਣਾ ਪਿਆ। ਇਹ ਪਾਣੀ ‘ਐਡਵਾਂਸਡ ਆਈ ਸੈਂਟਰ’ ਦੀ ਬੇਸਮੈਂਟ ਵਿੱਚ ਭਰ ਗਿਆ। ਇਸ ਤੋਂ ਇਲਾਵਾ ਐਂਪਲਾਈਜ਼ ਵੈੱਲਫ਼ੇਅਰ ਕੰਟੀਨ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਕੁਰਸੀਆਂ, ਮੇਜ਼ ਅਤੇ ਫਰਿੱਜ ਪਾਣੀ ਦੀ ਮਾਰ ਹੇਠ ਆ ਗਏ। ਫਾਇਰ ਕੰਟਰੋਲ ਰੂਮ ਵਿੱਚ ਵੀ ਪਾਣੀ ਦਾਖਲ ਹੋ ਗਿਆ। ਇਸ ਤੋਂ ਇਲਾਵਾ ਪੀਜੀਆਈ ਦੀਆਂ ਅੰਦਰੂਨੀ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਜਿਨ੍ਹਾਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪੀਜੀਆਈ ਦੇ ਅਧਿਕਾਰਤ ਬੁਲਾਰੇ ਵੱਲੋਂ ਭੇਜੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਅਚਾਨਕ ਆਈ ਤੇਜ਼ ਬਾਰਿਸ਼ ਕਰਕੇ ਪਾਣੀ ਓਵਰਫਲੋਅ ਹੋ ਗਿਆ ਜਿਸ ਕਰਕੇ ਸਮੱਸਿਆਵਾਂ ਆਈਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂਕਿ ਭਵਿੱਖ ਵਿੱਚ ਪ੍ਰੇਸ਼ਾਨੀ ਨਾ ਆਵੇ। ਇਸ ਮੀਂਹ ਕਾਰਨ ਇਥੇ ਆਉਣ ਵਾਲੇ ਮਰੀਜ਼ਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ ਤੇ ਉਨ੍ਹਾਂ ਨੇ ਪ੍ਰਸ਼ਾਸਨ ’ਤੇ ਸਮੱਸਿਆ ਦਾ ਹੱਲ ਨਾ ਕਰਨ ਦਾ ਦੋਸ਼ ਲਾਏ।