ਪੈਟਰੋਲ ਪੰਪ ਦੇ ਕਰਿੰਦੇ ਦੀ ਕੁੱਟਮਾਰ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 11 ਜੁਲਾਈ
ਮੁਹਾਲੀ ਦੀ ਏਅਰਪੋਰਟ ਰੋਡ ’ਤੇ ਏਅਰੋਸਿਟੀ ਜੀ ਬਲਾਕ ਵਿਚ ਸਥਿਤ ਬੈਦਵਾਣ ਫ਼ਿਲਿੰਗ ਸਟੇਸ਼ਨ ’ਤੇ ਮੋਟਰਸਾਈਕਲ ਸਵਾਰਾਂ ਵੱਲੋਂ ਪੰਪ ਉੱਤੇ ਤੇਲ ਪਾਉਣ ਵਾਲੇ ਕਰਿੰਦੇ ਦੀ ਕੁੱਝ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਬੁਰੀ ਤਰਾਂ ਕੁੱਟਮਾਰ ਕੀਤੀ ਗਈ। ਜ਼ਖ਼ਮੀ ਕਰਿੰਦੇ ਨੂੰ ਮੁਹਾਲੀ ਦੇ ਫੇਜ਼ ਛੇ ਵਿਖੇ ਦਾਖ਼ਿਲ ਕਰਵਾਇਆ ਗਿਆ ਹੈ। ਪੈਟਰੋਲ ਪੰਪ ਦੇ ਮਾਲਕ ਜਤਿੰਦਰ ਸਿੰਘ ਬੈਦਵਾਣ ਨੇ ਦੱਸਿਆ ਕਿ ਘਟਨਾ ਸ਼ਾਮੀ ਸਾਢੇ ਕੁ ਪੰਜ ਵਜੇ ਵਾਪਰੀ। ਉਨ੍ਹਾਂ ਕਿ ਪੰਪ ਉੱਤੇ ਤੇਲ ਪਵਾਉਣ ਲਈ ਦੋ ਨੌਜਵਾਨਾਂ ਨੇ ਕਰਿੰਦੇ ਨਾਲ ਤਕਰਾਰ ਕੀਤੀ। ਇਸ ਮਗਰੋਂ ਉਨ੍ਹਾਂ ਫੋਨ ਕਰਕੇ ਆਪਣੇ ਅੱਧੀ ਦਰਜਨ ਤੋਂ ਵੱਧ ਹੋਰ ਸਾਥੀਆਂ ਨੂੰ ਮੌਕੇ ਤੇ ਬੁਲਾ ਕੇ ਕਰਿੰਦੇ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਸਿਰ ਵਿਚ ਸੱਟ ਵੱਜੀ। ਉਨ੍ਹਾਂ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਨੌਜਵਾਨ ਕਰਿੰਦੇ ਕੋਲੋਂ ਪੈਸੇ ਵੀ ਖੋਹ ਕੇ ਲੈ ਗਏ। ਪੰਪ ਮਾਲਕ ਨੇ ਦੱਸਿਆ ਕਿ ਘਟਨਾ ਦੀ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ। ਪਹਿਲਾਂ ਪੀਸੀਆਰ ਅਤੇ ਫ਼ਿਰ ਥਾਣਾ ਆਈਟੀ ਦੀ ਪੁਲੀਸ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ ਤੇ ਅਗਲੇਰੀ ਕਾਰਵਾਈ ਜਾਰੀ ਹੈ।
ਏਅਰੋਸਿਟੀ ਤੇ ਆਈਟੀ ਸਿਟੀ ਦੇ ਖੇਤਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਵੀਰਵਾਰ ਨੂੰ ਪ੍ਰਾਪਰਟੀ ਨਾਲ ਸਬੰਧਿਤ ਇੱਕ ਕਾਰੋਬਾਰੀ ਦੇ ਦਫ਼ਤਰ ਦੇ ਬਾਹਰ ਵੀ ਗੋਲੀਆਂ ਚਲਾਈਆਂ ਗਈਆਂ। ਇਸੇ ਤਰ੍ਹਾਂ ਏਅਰੋਸਿਟੀ ਵਿੱਚ ਰਹਿੰਦੇ ਪਿੰਡ ਮਨੌਲੀ ਦੇ ਇੱਕ ਵਸਨੀਕ ਕੋਲੋਂ ਹਥਿਆਰ ਦਿਖਾ ਕੇ ਸਵੇਰ ਦੀ ਸੈਰ ਕਰਦੇ ਸਮੇਂ ਅਣਪਛਾਤੇ ਸੋਨੇ ਦੀ ਚੇਨੀ ਅਤੇ ਹੋਰ ਵਸਤਾਂ ਖੋਹ ਕੇ ਲੈ ਗਏ। ਪੁਲੀਸ ਵੱਲੋਂ ਸਾਰੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਦੀ ਗੱਲ ਕਹੀ ਜਾ ਰਹੀ ਹੈ। ਸਥਾਨਕ ਵਾਸੀਆਂ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।