‘ਆਪ’ ਨੂੰ ਸਬਕ ਸਿਖਾਉਣਗੇ ਲੋਕ: ਸ਼ਰਮਾ
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਤੇ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪੰਚਾਇਤੀ ਰਾਜ ਸੰਸਥਾ ਚੋਣਾਂ ਦੇ ਮੁੱਦੇ ’ਤੇ ਘੇਰਦਿਆਂ ਕਿਹਾ ਕਿ ਜੇਕਰ ਸਰਕਾਰ ਨੂੰ ਆਪਣੇ ਕੀਤੇ ਵਿਕਾਸ ਕਾਰਜਾਂ ‘ਤੇ ਇੰਨਾ ਭਰੋਸਾ ਹੈ ਤਾਂ ਸਰਕਾਰੀ ਮਸ਼ੀਨਰੀ ਦਾ ਸਹਾਰਾ ਲਏ ਬਿਨਾਂ ਚੋਣ ਮੈਦਾਨ ਵਿੱਚ ਉੱਤਰ ਕੇ ਦੇਖੇ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਸ਼ਰਮਾ ਨੇ ਸਰਸੀਣੀ ਜ਼ੋਨ ਦੀ ਉਮੀਦਵਾਰ ਭੁਪਿੰਦਰ ਕੌਰ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਆਖਿਆ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਉਹ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਨੂੰ ਸਬਕ ਸਿਖਾਉਣਗੇ। ਇਸ ਦੌਰਾਨ ਸ਼ਰਮਾ ਨੇ ਪਿੰਡ ਖਜੂਰ ਮੰਡੀ, ਟਿਵਾਣਾ, ਸਾਧਾਂਪੁਰ, ਡੰਗਡੇਹਰਾ, ਝਰਮੜੀ, ਸੰਗੋਥਾ, ਜੜੌਤ, ਬਟੌਲੀ, ਕੁਰਲੀ, ਸਿਤਾਰਪੁਰ, ਧਰਮਗੜ੍ਹ, ਰੁੜਕੀ ਪਿੰਡਾਂ ਵਿੱਚ ਚੋਣ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਨਾਲ ਜੁੜਨ ਲਈ ਲਾਮਬੰਦ ਕੀਤਾ।
ਛੜਬੜ ਵੱਲੋਂ ਬਸਪਾ ਉਮੀਦਵਾਰ ਦੇ ਹੱਕ ’ਚ ਮੀਟਿੰਗਾਂ
ਲਾਲੜੂ (ਪੱਤਰ ਪ੍ਰੇਰਕ): ਬਸਪਾ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਬਲਾਕ ਸਮਿਤੀ ਚੋਣਾਂ ਲਈ ਝਰਮੜੀ ਜ਼ੋਨ ਤੋਂ ਬਸਪਾ ਉਮੀਦਵਾਰ ਕੁਸਮ ਜੜੌਤ ਦੇ ਹੱਕ ਵਿੱਚ ਪਿੰਡ ਜੜੌਤ ’ਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸੂਬੇ ਦੇ ਲੋਕਾਂ ਨਾਲ ਵਧੀਕੀਆਂ ਹੋਈਆਂ ਹਨ ਪਰ ਲੋਕਾਂ ਨਾਲ ਕੀਤੇ ਵਾਅਦੇ ਜੋ ਕਿ ਵਫ਼ਾ ਨਹੀਂ ਹੋਏ। ਸ੍ਰੀ ਛੜਬੜ ਨੇ ਆਖਿਆ ਕਿ ਆਮ ਲੋਕਾਂ ਦੀ ਪਾਰਟੀ ਅਖਵਾਉਣ ਵਾਲੀ ‘ਆਪ’ ਵੀ ਕਾਂਗਰਸ, ਅਕਾਲੀ ਦਲ ’ਤੇ ਭਾਜਪਾ ਦੀਆਂ ਪੈੜਾਂ ’ਤੇ ਚੱਲ ਰਹੀ ਹੈ ਅਤੇ ਪੰਜਾਬ ਤੇ ਪੰਜਾਬੀਆਂ ਦਾ ਭਲਾ ਸਿਰਫ਼ ਬਸਪਾ ਹੀ ਕਰ ਸਕਦੀ ਹੈ, ਕਿਉਂਕਿ ਇਸ ਪਾਰਟੀ ’ਚ ਹੀ ਆਮ ਲੋਕ ਹਨ। ਇਸ ਮੌਕੇ ਹਲਕਾ ਪ੍ਰਧਾਨ ਚਰਨਜੀਤ ਸਿੰਘ ਦੇਵੀਨਗਰ, ਸਕੱਤਰ ਰਾਜ ਕੁਮਾਰ ਝਰਮੜੀ, ਕੁਲਵੀਰ ਸਿੰਘ, ਮੀਰਪੁਰਾ, ਤਾਰਾ ਚੰਦ ਜਾਸਤਾਨਾ, ਸੁੱਖਾ ਜਸਤਾਨਾਂ, ਰਵਿੰਦਰ ਸਿੰਘ ਬੱਲੋਪੁਰ, ਸੰਦੀਪ ਝਰਮੜੀ, ਜਸਵੰਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਆਦਿ ਹਾਜ਼ਰ ਸਨ ।
