ਚੋਰੀਆਂ ਤੋਂ ਪ੍ਰੇਸ਼ਾਨ ਲੋਕਾਂ ਨੇ ਰੋਸ ਪ੍ਰਗਟਾਇਆ
ਇਲਾਕੇ ਦੇ ਸਭ ਤੋਂ ਉਚਾਈ ’ਤੇ ਵਸਦੇ ਪਿੰਡ ਬਸਾਲੀ ਵਿੱਚ ਚੋਰਾਂ ਖਿਲਾਫ਼ ਕਾਰਵਾਈ ਨਾ ਹੋਣ ’ਤੇ ਲੋਕਾਂ ਨੇ ਪੁਲੀਸ ਖ਼ਿਲਾਫ਼ ਰੋਸ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਚੋਰਾਂ ਵੱਲੋਂ ਲਗਪਗ 4 ਲੱਖ ਰੁਪਏ ਦਾ ਘਰੇਲੂ ਤੇ ਵਿਆਹ ਲਈ ਤਿਆਰ ਕੀਤਾ ਸਾਮਾਨ ਚੋਰੀ ਕਰ ਲਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਰਿਵਾਰ ਘਰ ਨਹੀਂ ਸੀ। ਚੋਰਾਂ ਨੇ ਕ੍ਰਿਸ਼ਨ ਗੋਪਾਲ, ਰਮੇਸ਼ ਕੁਮਾਰੀ, ਨਿਰਪਾਲ ਸਿੰਘ ਰਾਣਾ, ਕਮਲ ਚੰਦ, ਵਿਸ਼ਾਲ ਕੁਮਾਰ ਤੇ ਸੰਜੀਵ ਕੁਮਾਰ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਪਿੰਡ ਵਾਸੀਆਂ ਸਰਪੰਚ ਅੰਜਨਾ ਕੁਮਾਰੀ, ਮਿੰਟੂ ਰਾਣਾ ਬਸਾਲੀ, ਮਨੀ ਰਾਣਾ, ਐਡਵੋਕੇਟ ਗਗਨਦੀਪ ਸ਼ਰਮਾ, ਸਾਬਕਾ ਸਰਪੰਚ ਓਂਕਾਰ ਸਿੰਘ, ਸਾਬਕਾ ਸਰਪੰਚ ਅਸ਼ੋਕ ਕੁਮਾਰ, ਪੰਚ ਹਰਮੇਸ਼ ਕੁਮਾਰ, ਜੋਨੀ ਰਾਣਾ, ਮਾਸਟਰ ਨੱਥੂ ਰਾਮ ਦਾ ਕਹਿਣਾ ਹੈ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ। ਇਸ ਕਾਰਨ ਲੋਕਾਂ ਵਿੱਚ ਰੋਸ ਹੈ। ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਪਿੰਡ ਪਹੁੰਚੇ ਤੇ ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਕੋਲ ਸਿੱਟ ਬਣਾ ਕੇ ਜਾਂਚ ਕਰਨ ਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ।
ਗੌਰਵ ਰਾਣਾ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਸੁਰੱਖਿਆ ਲਈ ਇਲਾਕੇ ਦੇ ਛੇ ਮਹੱਤਵਪੂਰਨ ਪੁਆਇੰਟਾਂ ਕਰੋਲਗੜ, ਟਿੱਬਾ ਟੱਪਰੀਆਂ, ਕਾਹਨਪੁਰ ਖੂਹੀ, ਬੂੰਗਾਂ ਸਾਹਿਬ ਪੁਲ, ਟਿੱਬਾ ਨੰਗਲ ਗੁਲਾਰ ਰੋਡ ਤੇ ਥਾਣੇ ਵਾਲੇ ਵੱਡੇ ਪੁਲ ’ਤੇ ਪੁਲੀਸ ਤਾਇਨਾਤ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਪਿੰਡ ਪੰਚਾਇਤ ਬਸਾਲੀ ਵੱਲੋਂ ਛੇ ਮਤੇ ਪਾਸ ਕੀਤੇ ਗਏ। ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਦੀ ਨਾ ਵੋਟ ਬਣੇਗੀ ਤੇ ਨਾ ਹੀ ਉਸ ਨੂੰ ਥਾਂ ਦਿੱਤੀ ਜਾਵੇਗੀ। ਪਿੰਡ ਵਿੱਚ ਆਉਣ ਵਾਲੇ ਕਵਾੜ ਖਰੀਦਣ-ਵੇਚਣ ਵਾਲਿਆਂ ਜਾਂ ਹੋਰ ਸਾਮਾਨ ਵੇਚਣ ਵਾਲਿਆਂ ਨੂੰ ਆਧਾਰ ਕਾਰਡ ਦਿਖਾਉਣ ਮਗਰੋਂ ਦਾਖ਼ਲਾ ਮਿਲੇਗਾ। ਰਾਤ ਨੂੰ 9 ਵਜੇ ਤੋਂ ਬਾਅਦ ਕੋਈ ਵੀ ਬਾਹਰੀ ਵਿਅਕਤੀ ਪਿੰਡ ਵਿੱਚ ਦਾਖਲ ਨਹੀਂ ਹੋ ਸਕੇਗਾ। ਪਿੰਡ ਵਿੱਚ ਕੋਈ ਵੀ ਮੋਟਰਸਾਈਕਲਾਂ ਦੇ ਪਟਾਕੇ ਨਹੀਂ ਮਰਵਾਏਗਾ। ਪਿੰਡ ਦੀ ਸੁਰੱਖਿਆ ਲਈ ਵਾਲੰਟੀਅਰ ਗਰੁੱਪ ਬਣਾਉਣ ਦਾ ਫੈਸਲਾ ਕੀਤਾ ਗਿਆ।
ਇਸ ਦੌਰਾਨ ਐੱਸ ਐੱਚ ਓ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਹੁਣੇ ਚਾਰਜ ਸੰਭਾਲਿਆ ਹੈ। ਛੇਤੀ ਹੀ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
