ਬਿਲਡਰਾਂ ਤੇ ਪ੍ਰਾਪਰਟੀ ਡੀਲਰਾਂ ਖ਼ਿਲਾਫ਼ ਨਿੱਤਰੇ ਲੋਕ
ਮੁਹਾਲੀ ਦੇ ਸੈਕਟਰ 123, 124 ਅਤੇ 125 ਦੀਆਂ 25 ਤੋਂ ਵੱਧ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਬਣਾਈ ਹੋਈ 200 ਫੁੱਟ ਮਾਸਟਰ ਪਲਾਨ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਭਰਵੀਂ ਇਕੱਤਰਤਾ ਵਿਚ ਲੋਕਾਂ ਨੇ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਦਾਰਾ ਸਟੂਡੀਓ ਤੋਂ ਲੈ ਕੇ ਖਾਨਪੁਰ ਤੱਕ 200 ਫੁੱਟ ਚੌੜੀ ਸੜਕ ਤੁਰੰਤ ਬਣਾਉਣ ਦੀ ਗੁਹਾਰ ਲਗਾਈ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਧਾਨ ਮਨਿੰਦਰਪ੍ਰੀਤ ਸਿੰਘ ਅਤੇ ਜਨਰਲ ਸਕੱਤਰ ਅੰਤਰ ਸਿੰਘ ਬਰਾੜ ਨੇ ਕਿਹਾ ਕਿ ਮਾਸਟਰ ਪਲਾਨ ਵਿਚ ਤਜਵੀਜ਼ ਕੀਤੀ 200 ਫੁੱਟ ਚੌੜੀ ਸੜਕ ਉੱਤੇ ਭਰੋਸਾ ਕਰਕੇ 20 ਹਜ਼ਾਰ ਤੋਂ ਵੱਧ ਪਰਿਵਾਰਾਂ ਨੇ ਇਨ੍ਹਾਂ ਸੈਕਟਰਾਂ ਵਿੱਚ ਆਪਣੀ ਜੀਵਨ ਭਰ ਦੀ ਪੂੰਜੀ ਲਗਾ ਕੇ ਘਰ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਸੜਕ ਨਾ ਬਣਨ ਕਾਰਨ ਬਲੌਂਗੀ, ਗੋਪਾਲ ਸਵੀਟਸ, ਨਿੱਝਰ ਚੌਕ ਤੇ ਹਰ ਸਮੇਂ ਭਾਰੀ ਭੀੜ ਕਾਰਨ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ ਅਤੇ ਹਾਦਸੇ ਵਾਪਰਦੇ ਹਨ। ਐਂਬੂਲੈਂਸਾਂ, ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਸਮੇਂ ਸਿਰ ਪਹੁੰਚਣ ਲਈ ਦਿੱਕਤ ਆਉਂਦੀ ਹੈ। ਲੋਕਾਂ ਨੂੰ ਲੰਮੇ ਚੱਕਰ ਲਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਸੜਕ ਦੀ ਉਸਾਰੀ ਹੀ ਨਹੀਂ ਕੀਤੀ ਜਾਣੀ ਸੀ ਤਾਂ ਫਿਰ ਇਸ ਨੂੰ ਮਾਸਟਰ ਪਲਾਨ ਵਿੱਚ ਕਿਉਂ ਵਿਖਾਇਆ ਗਿਆ। ਉਨ੍ਹਾਂ ਕਿਹਾ ਕਿ ਇੱਥੇ ਰਹਿੰਦੇ ਵਸਨੀਕ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦੀ ਤੁਰੰਤ ਉਸਾਰੀ ਆਰੰਭ ਨਾ ਹੋਈ ਤਾਂ ਸਮੂਹਿਕ ਤੌਰ ’ਤੇ ਸੰਘਰਸ਼ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਕੰਮ ਜਲਦੀ ਸ਼ੁਰੂ ਕਰਵਾਉਣ ਦਾ ਭਰੋਸਾ
ਇਕੱਠ ਵਿਚ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੂੰ ਨਾਲ ਕੈ ਕੇ ਸਾਈਟ ਦਾ ਦੌਰਾ ਕੀਤਾ ਅਤੇ ਸਥਿਤੀਆਂ ਦਾ ਜਾਇਜ਼ਾ ਲਿਆ। ਬਾਅਦ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਕੱਠ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸੜਕ ਦਾ ਕੰਮ ਜਲਦੀ ਆਰੰਭ ਕਰਾਉਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗਮਾਡਾ ਅਧਿਕਾਰੀਆਂ, ਮੰਤਰੀ ਅਤੇ ਮੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਲੋਕਾਂ ਦੀਆਂ ਚਿੰਤਾਵਾਂ ਅਤੇ ਭਾਵਨਾਵਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ।
