ਗਲੀਆਂ ਵਿੱਚ ਭਰੇ ਪਾਣੀ ਤੋਂ ਲੋਕ ਪ੍ਰੇਸ਼ਾਨ
ਨਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਇਲਾਕੇ ਛੋਟੀ ਕਰੌਰਾਂ, ਖੇੜਾ ਮੰਦਿਰ ਕੋਲ ਨਵਾਂ ਗਰਾਉਂ, ਕਮਾਊ ਸਣੇ ਹੋਰ ਕਲੋਨੀਆਂ ਦੀਆਂ ਗਲੀਆਂ ਦੀ ਹਾਲਤ ਤਰਸਯੋਗ ਹੈ। ਇੱਥੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਓਵਰਫਲੋਅ ਹੋਇਆ ਪਾਣੀ ਸੜਕਾਂ ’ਤੇ ਗਲੀਆਂ ਵਿੱਚ ਭਰਿਆ ਰਹਿੰਦਾ ਹੈ। ਇਸ ਕਰ ਕੇ ਰਾਹਗੀਰਾਂ ਨੂੰ ਲੰਘਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਮੈਨ ਹੋਲ ਬਿਨਾਂ ਢੱਕਣਾਂ ਤੋਂ ਹਨ।
ਇੱਥੇ ਗਲੀਆਂ ਵਿੱਚ ਭਰੇ ਪਾਣੀ ਵਿੱਚ ਲੰਘਣ ਸਮੇਂ ਦੋ ਪਹੀਆ ਵਾਹਨ ਚਾਲਕਾਂ ਤੋਂ ਇਲਾਵਾ ਪੈਦਲ ਲੰਘਣ ਵਾਲੇ ਲੋਕ ਪ੍ਰੇਸ਼ਾਨ ਹੁੰਦੇ ਹਨ। ਪਾਣੀ ਵਿੱਚ ਟੋਏ ਨਾ ਦਿਖਾਈ ਦੇਣ ਕਾਰਨ ਲੋਕ ਡਿੱਗ ਵੀ ਪੈਂਦੇ ਹਨ। ਇੱਥੋਂ ਜਦੋਂ ਕੋਈ ਕਾਰ, ਟਰੱਕ ਜਾਂ ਬੱਸ ਆਦਿ ਲੰਘਦੀ ਹੈ ਤਾਂ ਗੰਦਾ ਪਾਣੀ ਸੜਕ ਕਿਨਾਰੇ ਬਣੀਆਂ ਦੁਕਾਨਾਂ, ਦਫ਼ਤਰਾਂ ਵਿੱਚ ਖੜ੍ਹੇ ਲੋਕਾਂ ’ਤੇ ਪੈ ਜਾਂਦਾ ਹੈ।
ਇਸ ਸਬੰਧੀ ਜੋਗਿੰਦਰ ਗੁੱਜਰ, ਮਨਜੀਤ ਸਿੰਘ ਸਿੱਧੂ, ਨੰਬਰਦਾਰ ਤੇ ਕੌਂਸਲਰ ਅਵਤਾਰ ਸਿੰਘ ਤਾਰੀ, ਸਾਬਕਾ ਕੌਂਸਲਰ ਦਲਬੀਰ ਸਿੰਘ ਪੱਪੀ, ਮੀਨਾ ਵਰਮਾ, ਗੁਰਵਿੰਦਰ ਸਿੰਘ ਲਾਡੀ ਆਦਿ ਨੇ ਸਮੱੱਸਿਆ ਹੱਲ ਕਰਨ ਦੀ ਮੰਗ ਕੀਤੀ ਹੈ।
